Vancouver- ਕੈਨੇਡਾ ਦੀ ਸਿਆਸਤ ਅਤੇ ਪੱਤਰਕਾਰੀ ’ਚ ਅਹਿਮ ਭੂਮਿਕਾ ਨਿਭਾਉਣ ਵਾਲੀ ਪੈਟ ਕਾਰਨੀ ਦਾ ਦੇਹਾਂਤ ਹੋ ਗਿਆ। ਉਹ 88 ਸਾਲਾਂ ਦੇ ਸਨ। ਉਨ੍ਹਾਂ ਦੀ ਭਤੀਜੀ ਜਿਲ ਕਾਰਨੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਕਾਰਨੀ ਬਿ੍ਰਟਿਸ਼ ਕੋਲੰਬੀਆ ’ਚ ਚੁਣੀ ਗਈ ਪਹਿਲੀ ਮਹਿਲਾ ਕੰਜ਼ਰਵੇਟਿਵ ਸੰਸਦ ਮੈਂਬਰ ਸੀ ਅਤੇ ਬੀ. ਸੀ. ’ਚੋਂ ਸੀਨੇਟ ’ਚ ਨਿਯੁਕਤ ਪਹਿਲੀ ਮਹਿਲਾ ਕੰਜ਼ਰਵੇਟਿਵ ਸੀ। ਕਾਰਨੀ ਦੀ ਵੈੱਬਸਾਈਟ ਮੁਤਾਬਕ ਉਨ੍ਹਾਂ ਨੇ ਆਪਣਾ ਪੱਤਰਕਾਰਿਤਾ ਦਾ ਕੈਰੀਅਰ 1960 ਦੇ ਦਹਾਕੇ ’ਚ ਸ਼ੁਰੂ ਕੀਤਾ ਸੀ ਅਤੇ ਵੈਨਕੂਵਰ ਦੀਆਂ ਕਈ ਅਖ਼ਬਾਰਾਂ ਲਈ ਲਿਖਣ ਵਾਲੀ ਉਹ ਪਹਿਲੀ ਮਹਿਲਾ ਕਾਰੋਬਾਰੀ ਕਾਲਮਨਵੀਸ ਸੀ। ਉਨ੍ਹਾਂ ਨੇ ਬ੍ਰਾਇਰਨ ਮੁਲਰੋਨੀ ਦੇ ਮੰਤਰੀ ਮੰਡਲ ’ਚ ਊਰਜਾ ਮੰਤਰੀ, ਕੌਮਾਂਤਰੀ ਵਪਾਰ ਮੰਤਰੀ ਅਤੇ ਖ਼ਜ਼ਾਨਾ ਬੋਰਡ ਦੇ ਪ੍ਰਧਾਨ ਦੇ ਰੂਪ ’ਚ ਕੰਮ ਕੀਤਾ। ਉਹ ਦੋ ਬੱਚਿਆਂ ਦੀ ਮਾਂ ਸੀ।