ਨਵੀਂ ਦਿੱਲੀ : ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਦੇ ਸਾਬਕਾ ਵਿਦਿਆਰਥੀ ਆਗੂ ਕਨ੍ਹਈਆ ਕੁਮਾਰ ਅਤੇ ਗੁਜਰਾਤ ਦੇ ਆਜ਼ਾਦ ਵਿਧਾਇਕ ਜਿਗਨੇਸ਼ ਮੇਵਾਨੀ ਮੰਗਲਵਾਰ ਨੂੰ ਕਾਂਗਰਸ ਵਿੱਚ ਸ਼ਾਮਲ ਹੋ ਗਏ।
ਇਸ ਮੌਕੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਸੰਗਠਨ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ, ਰਣਦੀਪ ਸਿੰਘ ਸੁਰਜੇਵਾਲਾ, ਹਾਰਦਿਕ ਪਟੇਲ ਸਮੇਤ ਕਈ ਨੇਤਾ ਮੌਜੂਦ ਸਨ।
ਸੀਪੀਆਈ ਨੇਤਾ ਕਨ੍ਹਈਆ ਕੁਮਾਰ ਅਤੇ ਗੁਜਰਾਤ ਦੇ ਵਿਧਾਇਕ ਜਿਗਨੇਸ਼ ਮੇਵਾਨੀ ਨਵੀਂ ਦਿੱਲੀ ਵਿਚ ਰਾਹੁਲ ਗਾਂਧੀ ਦੀ ਮੌਜੂਦਗੀ ਵਿਚ ਕਾਂਗਰਸ ‘ਚ ਸ਼ਾਮਲ ਹੋਏ।
ਦੋਵੇਂ ਨੌਜਵਾਨ ਆਗੂ ਕਾਂਗਰਸ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਰਾਹੁਲ ਗਾਂਧੀ ਨਾਲ ਸ਼ਹੀਦ ਭਗਤ ਸਿੰਘ ਪਾਰਕ ਪਹੁੰਚੇ। ਜਿੱਥੇ ਉਨ੍ਹਾਂ ਨੇ ਭਗਤ ਸਿੰਘ ਦੇ ਬੁੱਤ ਨੂੰ ਫੁੱਲ ਮਾਲਾ ਭੇਟ ਕੀਤੀ।
ਕਾਂਗਰਸੀ ਆਗੂ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਉਹ (ਕਨ੍ਹਈਆ ਕੁਮਾਰ ਅਤੇ ਜਿਗਨੇਸ਼ ਮੇਵਾਨੀ) ਲਗਾਤਾਰ ਮੋਦੀ ਸਰਕਾਰ ਅਤੇ ਹਿਟਲਰ ਸ਼ਾਹੀ ਦੀ ਨੀਤੀ ਵਿਰੁੱਧ ਸੰਘਰਸ਼ ਕਰਦੇ ਰਹੇ।
ਸਾਡੇ ਇਨ੍ਹਾਂ ਸਾਥੀਆਂ ਨੇ ਮਹਿਸੂਸ ਕੀਤਾ ਕਿ ਇਹ ਅਵਾਜ਼ ਉਦੋਂ ਹੋਰ ਬੁਲੰਦ ਹੋ ਜਾਵੇਗੀ ਜਦੋਂ ਇਹ ਕਾਂਗਰਸ ਅਤੇ ਰਾਹੁਲ ਗਾਂਧੀ ਦੀ ਆਵਾਜ਼ ਵਿਚ ਇਕ ਅਤੇ ਇਕ ਗਿਆਰਾਂ ਦੀ ਅਵਾਜ਼ ਬਣ ਜਾਵੇਗੀ।
ਦੂਜੇ ਪਾਸੇ ਵੇਣੂਗੋਪਾਲ ਨੇ ਕਨ੍ਹਈਆ ਕੁਮਾਰ ਨੂੰ ਪ੍ਰਗਟਾਵੇ ਦੀ ਆਜ਼ਾਦੀ ਦਾ ਪ੍ਰਤੀਕ ਦੱਸਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਹੁਲ ਗਾਂਧੀ ਇਕ ਵਾਰ ਫਿਰ ਨੌਜਵਾਨਾਂ ਦੀ ਟੀਮ ਤਿਆਰ ਕਰ ਰਹੇ ਹਨ।
ਅਜਿਹੇ ਵਿਚ ਪਾਰਟੀ ਦੇ ਨੇਤਾ ਕਈ ਰਾਜਾਂ ਦੇ ਯੂਥ ਨੇਤਾਵਾਂ ਦੇ ਸੰਪਰਕ ਵਿਚ ਹਨ ਅਤੇ ਉਨ੍ਹਾਂ ਨੂੰ ਜਲਦੀ ਲਿਆਉਣ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਕਾਰਨ ਕਨ੍ਹਈਆ ਕੁਮਾਰ ਅਤੇ ਜਿਗਨੇਸ਼ ਮੇਵਾਨੀ ਨੂੰ ਵੀ ਪਾਰਟੀ ਵਿਚ ਲਿਆਂਦਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਬਿਹਾਰ ‘ਚ ਕਾਂਗਰਸ ਕਨ੍ਹਈਆ ਕੁਮਾਰ ‘ਤੇ ਵੱਡਾ ਦਾਅ ਖੇਡ ਸਕਦੀ ਹੈ।
ਟੀਵੀ ਪੰਜਾਬ ਬਿਊਰੋ