ਭੋਪਾਲ : ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿਚ ਇਕ ਤੇਜ਼ ਰਫ਼ਤਾਰ ਕਾਰ ਦੁਰਗਾ ਵਿਸਰਜਨ ਜਲੂਸ ਕੱਢ ਰਹੇ ਲੋਕਾਂ ‘ਤੇ ਚੜ੍ਹ ਗਈ, ਜਿਸ ਕਾਰਨ ਇਕ ਹੈੱਡ ਕਾਂਸਟੇਬਲ ਸਮੇਤ ਚਾਰ ਲੋਕ ਜ਼ਖਮੀ ਹੋ ਗਏ। ਇਹ ਘਟਨਾ ਬਾਜਾਰੀਆ ਥਾਣਾ ਖੇਤਰ ਦੇ ਭੋਪਾਲ ਰੇਲਵੇ ਸਟੇਸ਼ਨ ਨੇੜੇ ਵਾਪਰੀ।
ਇਸ ਦੌਰਾਨ ਪੁਲਿਸ ਨੇ ਕਾਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਅਤੇ ਕਾਰ ਨੂੰ ਜ਼ਬਤ ਕਰ ਲਿਆ। ਬਜਾਰੀਆ ਥਾਣੇ ਦੇ ਇੰਚਾਰਜ ਉਮੇਸ਼ ਯਾਦਵ ਨੇ ਐਤਵਾਰ ਨੂੰ ਦੱਸਿਆ ਕਿ ਸ਼ਨੀਵਾਰ ਰਾਤ ਕਰੀਬ 11.15 ਵਜੇ ਭੋਪਾਲ ਰੇਲਵੇ ਸਟੇਸ਼ਨ ਦੇ ਕੋਲ ਸੜਕ ‘ਤੇ ਦੁਰਗਾ ਮੂਰਤੀ ਵਿਸਰਜਨ ਜਲੂਸ ਚੱਲ ਰਿਹਾ ਸੀ। ਇਕ ਵਿਅਕਤੀ ਨੇ ਜਲੂਸ ਦੇ ਵਿਚਕਾਰ ਇਕ ਤੇਜ਼ ਰਫਤਾਰ ਕਾਰ ਨਾਲ ਟੱਕਰ ਮਾਰ ਦਿਤੀ, ਜਿਸ ਨਾਲ ਚਾਰ ਲੋਕ ਜ਼ਖਮੀ ਹੋ ਗਏ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਵਿਚੋਂ ਇਕ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਸ ਦਾ ਹਸਪਤਾਲ ਵਿਚ ਇਲਾਜ ਕੀਤਾ ਜਾ ਰਿਹਾ ਹੈ, ਹਾਲਾਂਕਿ ਉਸਦੀ ਹਾਲਤ ਖਤਰੇ ਤੋਂ ਬਾਹਰ ਹੈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿਚ ਡਿਊਟੀ ’ਤੇ ਤਾਇਨਾਤ ਇਕ ਹੈੱਡ ਕਾਂਸਟੇਬਲ ਵੀ ਇਸ ਕਾਰ ਨਾਲ ਟਕਰਾ ਗਿਆ, ਜਿਸ ਕਾਰਨ ਉਸ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ।
ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਇਰਸ਼ਾਦ ਵਾਲੀ ਨੇ ਕਿਹਾ ਕਿ ਘਟਨਾ ਵਿਚ ਸ਼ਾਮਲ ਕਾਰ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਇਸਦੇ ਡਰਾਈਵਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਵਲੀ ਨੇ ਕਿਹਾ ਕਿ ਜ਼ਖਮੀਆਂ ਵਿਚੋਂ ਇਕ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਅਤੇ ਉਹ ਖਤਰੇ ਤੋਂ ਬਾਹਰ ਹੈ ਅਤੇ ਉਸਦੀ ਹਾਲਤ ਸਥਿਰ ਹੈ। ਡਾਕਟਰ ਅਨੁਸਾਰ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਟੀਵੀ ਪੰਜਾਬ ਬਿਊਰੋ