Site icon TV Punjab | Punjabi News Channel

ਵੈਨਕੂਵਰ ਵਿਖੇ ਇਮਾਰਤ ’ਚ ਲੱਗੀ ਭਿਆਨਕ ਅੱਗ, ਕਈ ਕਾਰੋਬਾਰ ਅਤੇ ਘਰ ਸੜ ਕੇ ਹੋਏ ਸੁਆਹ

ਵੈਨਕੂਵਰ ਵਿਖੇ ਇਮਾਰਤ ’ਚ ਲੱਗੀ ਭਿਆਨਕ ਅੱਗ, ਕਈ ਕਾਰੋਬਾਰ ਅਤੇ ਘਰ ਸੜ ਕੇ ਹੋਏ ਸੁਆਹ

Vancouver- ਵੈਨਕੂਵਰ ਦੇ ਕੇਰਿਸਡੇਲ ਇਲਾਕੇ ’ਚ ਲੱਗੀ ਭਿਆਨਕ ਅੱਗ ਕਾਰਨ ਚਾਰ ਕਾਰੋਬਾਰ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ। ਉੱਥੇ ਹੀ ਇਸ ਹਾਦਸੇ ’ਚ ਦੋ ਫਾਇਰ ਫਾਈਟਰ ਜ਼ਖ਼ਮੀ ਹੋ ਗਏ, ਜਦਕਿ ਕੁਝ ਵਸਨੀਕ ਬੇਘਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਐਤਵਾਰ ਰਾਤੀਂ ਕਰੀਬ 10 ਵਜੇ ਤੋਂ ਬਾਅਦ ਪੂਰਬੀ ਪੂਰਬੀ ਬੁਲੇਵਾਰਡ ਨੇੜੇ ਵੈਸਟ 41ਵੇਂ ਐਵੇਨਿਊ ਦੇ 2000-ਬਲਾਕ ’ਚ ਲੱਗੀ।
ਵੈਨਕੂਵਰ ਫਾਇਰ ਐਂਡ ਰੈਸਕਿਊ ਦੇ ਅਸਿਸਟੈਂਟ ਚੀਫ਼ ਕੀਥ ਸਟੀਵਰਟ ਨੇ ਕਿਹਾ ਕਿ ਅੱਗ ਕਾਫ਼ੀ ਭਿਆਨਕ ਸੀ ਅਤੇ ਇਸ ’ਤੇ ਕਾਬੂ ਪਾਉਣ ਲਈ ਚਾਰ ਦਰਜਨ ਤੋਂ ਵੱਧ ਫਾਇਰ ਫਾਈਟਰਾਂ ਨੂੰ ਕਾਫ਼ੀ ਜੱਦੋ-ਜਹਿਦ ਕਰਨੀ ਪਈ। ਉਨ੍ਹਾਂ ਕਿਹਾ ਕਿ ਅੱਗ ਕਾਰਨ ਪੰਜ ਕਾਰੋਬਾਰ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ’ਚੋਂ ਚਾਰ ਤਾਂ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਏ।
ਸਟੀਵਰਟ ਮੁਤਾਬਕ ਅੱਗ ਨੇ ਇਮਾਰਤ ਦੀ ਦੂਜੀ ਮੰਜ਼ਲ ’ਤੇ ਚਾਰ ਰਿਹਾਇਸ਼ੀ ਇਕਾਈਆਂ ਨੂੰ ਵੀ ਪ੍ਰਭਾਵਿਤ ਕੀਤਾ। ਉਨ੍ਹਾਂ ਦੱਸਿਆ ਕਿ ਪ੍ਰਭਾਵਿਤਾਂ ’ਚੋਂ ਦੋ ਯੂਨਿਟਾਂ ਦੇ ਵਸਨੀਕਾਂ ਨੇ ਆਪਣੇ ਹੋਰਨਾਂ ਪਰਿਵਾਰਕ ਮੈਂਬਰਾਂ ਜਾਂ ਦੋਸਤਾਂ ਕੋਲ ਰਹਿਣ ਲਈ ਥਾਂ ਲੱਭ ਲਈ, ਜਦਕਿ ਦੋ ਹੋਰਨਾਂ ਯੂਨਿਟਾਂ ਦੇ ਵਸਨੀਕਾਂ ਨੂੰ ਐਮਰਜੈਂਸੀ ਸਹਾਇਤਾ ਸੇਵਾਵਾਂ ਦੇ ਵਲੋਂ ਅਸਥਾਈ ਰਿਹਾਇਸ਼ ਲੱਭਣ ਲਈ ਮਦਦ ਕੀਤੀ ਗਈ।
ਸਟੀਵਰਟ ਨੇ ਕਿਹਾ ਕਿ ਅੱਗ ਦੇ ਕਾਰਨਾਂ ਦੀ ਜਾਂਚ ਜਾਰੀ ਹੈ। ਉਨ੍ਹਾਂ ਕਿਹਾ, ‘‘ਇਸ ਸਮੇਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਨੂੰ ਬਿਲਕੁਲ ਨਹੀਂ ਪਤਾ ਕਿ ਅੱਗ ਕਿੱਥੋਂ ਲੱਗੀ। ਇਸ ਸਮੇਂ ਬਹੁਤ ਨੁਕਸਾਨ ਹੋਇਆ ਹੈ… ਅਸੀਂ ਕਾਰਨ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰਾਂਗੇ।’’” ਉਨ੍ਹਾਂ ਕਿਹਾ ਕਿ ਅੱਗ ਕਾਰਨ ਦੋ ਫਾਇਰ ਫਾਈਟਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਿਨ੍ਹਾਂ ’ਚੋਂ ਇੱਕ ਦਾ ਹਸਪਤਾਲ ’ਚ ਇਲਾਜ ਕੀਤਾ ਗਿਆ। ਸਟੀਵਰਟ ਮੁਤਾਬਕ ਇਸ ਹਾਦਸੇ ’ਚ ਕਿਸੇ ਹੋਰ ਦੇ ਜ਼ਖ਼ਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ।
ਉਨ੍ਹਾਂ ਕਿਹਾ ਕਿ ਅੱਗ ਇੰਨੀ ਭਿਆਨਕ ਸੀ ਕਿ ਫਾਇਰ ਫਾਈਟਰਾਂ ਨੂੰ ਰਾਤ ਭਰ ਇਸ ’ਤੇ ਕਾਬੂ ਪਾਉਣ ਲਈ ਜੱਦੋ-ਜਹਿਦ ਕਰਨੀ ਪਈ। ਦੱਸਿਆ ਜਾ ਰਿਹਾ ਹੈ ਕਿ ਇਮਾਰਤ ’ਚ ਸਥਿਤ ਇੱਕ ਰੈਸਟੋਰੈਂਟ ਤਾਂ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ, ਜਦਕਿ ਇਮਾਰਤ ਦੀ ਦੂਜੀ ਮੰਜ਼ਿਲ ਜਿਸ ’ਚ ਬੇਕਰੀ, ਦਹੀਂ ਦੀ ਦੁਕਾਨ ਅਤੇ ਗ੍ਰੀਨਗ੍ਰੋਸਰ ਸੀ, ਅੱਗ ਲੱਗਣ ਤੋਂ ਬਾਅਦ ਢਹਿ ਗਈ।

Exit mobile version