ਨਵੀਂ ਦਿੱਲੀ: ਮੌਜੂਦਾ ਚੈਂਪੀਅਨ ਫਰਾਂਸ ਨੇ ਸੈਮੀਫਾਈਨਲ ‘ਚ ਮੋਰੱਕੋ ਨੂੰ ਹਰਾ ਕੇ ਲਗਾਤਾਰ ਦੂਜੀ ਵਾਰ ਫੀਫਾ ਵਿਸ਼ਵ ਕੱਪ ਦੇ ਫਾਈਨਲ ‘ਚ ਜਗ੍ਹਾ ਬਣਾਈ ਹੈ, ਜਿੱਥੇ ਉਸ ਦਾ ਸਾਹਮਣਾ ਅਰਜਨਟੀਨਾ ਨਾਲ ਹੋਵੇਗਾ। ਕਤਰ ‘ਚ ਬੁੱਧਵਾਰ ਦੇਰ ਰਾਤ ਖੇਡੇ ਗਏ ਦੂਜੇ ਸੈਮੀਫਾਈਨਲ ‘ਚ ਫਰਾਂਸ ਨੇ ਮੋਰੱਕੋ ਨੂੰ 2-0 ਨਾਲ ਹਰਾਇਆ। ਇਸ ਤਰ੍ਹਾਂ ਪਹਿਲੀ ਵਾਰ ਸੈਮੀਫਾਈਨਲ ‘ਚ ਪੁੱਜੀ ਮੋਰੱਕੋ ਦੀ ਟੀਮ ਦਾ ਫਾਈਨਲ ‘ਚ ਪਹੁੰਚਣ ਦਾ ਸੁਪਨਾ ਚਕਨਾਚੂਰ ਹੋ ਗਿਆ। ਖ਼ਿਤਾਬੀ ਮੁਕਾਬਲਾ 18 ਦਸੰਬਰ ਨੂੰ ਖੇਡਿਆ ਜਾਵੇਗਾ।
ਫਰਾਂਸ ਦੀ ਫੁਟਬਾਲ ਟੀਮ ਓਵਰਆਲ ਚੌਥੇ ਦੌਰ ਦੇ ਫਾਈਨਲ ਲਈ ਟਿਕਟ ਹਾਸਲ ਕਰਨ ਵਿੱਚ ਸਫਲ ਰਹੀ। ਉਹ 1998 ਅਤੇ 2018 ਵਿੱਚ ਵਿਸ਼ਵ ਚੈਂਪੀਅਨ ਬਣੀ। ਮੋਰੱਕੋ ਦੀ ਟੀਮ ਹੁਣ ਤੀਜੇ ਸਥਾਨ ਲਈ 17 ਦਸੰਬਰ ਨੂੰ ਕ੍ਰੋਏਸ਼ੀਆ ਨਾਲ ਭਿੜੇਗੀ। ਕ੍ਰੋਏਸ਼ੀਆ ਨੂੰ ਪਹਿਲੇ ਸੈਮੀਫਾਈਨਲ ‘ਚ ਅਰਜਨਟੀਨਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਫਰਾਂਸ ਨੇ ਪੰਜਵੇਂ ਮਿੰਟ ਵਿੱਚ ਲੀਡ ਲੈ ਲਈ
ਥੀਓ ਹਰਨਾਂਡੇਜ਼ ਨੇ ਮੈਚ ਦੇ ਪੰਜਵੇਂ ਮਿੰਟ ਵਿੱਚ ਫਰਾਂਸ ਲਈ ਪਹਿਲਾ ਗੋਲ ਕਰਕੇ ਮੋਰੱਕੋ ਉੱਤੇ ਬੜ੍ਹਤ ਬਣਾ ਲਈ। ਪਹਿਲੇ ਹਾਫ ਵਿੱਚ ਫਰਾਂਸ ਨੇ 1-0 ਦੀ ਬੜ੍ਹਤ ਬਣਾ ਲਈ ਸੀ। ਇਸ ਤੋਂ ਬਾਅਦ ਮੈਚ ਦੇ 79ਵੇਂ ਮਿੰਟ ਵਿੱਚ ਰੈਂਡਲ ਕੋਲੋ ਮੁਆਨੀ ਨੇ ਗੋਲ ਕਰਕੇ ਫਰਾਂਸ ਦੀ ਬੜ੍ਹਤ ਨੂੰ ਦੁੱਗਣਾ ਕਰ ਦਿੱਤਾ। ਮੁਆਨੀ ਬਦਲਵੇਂ ਖਿਡਾਰੀ ਦੇ ਤੌਰ ‘ਤੇ ਉਤਰਿਆ। ਦੁਨੀਆ ਦੀ ਚੌਥੇ ਨੰਬਰ ਦੀ ਟੀਮ ਫਰਾਂਸ ਦੇ ਸਾਹਮਣੇ ਦੁਨੀਆ ਦੀ 22ਵੇਂ ਨੰਬਰ ਦੀ ਟੀਮ ਮੋਰੱਕੋ ਨੇ ਗੋਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਸ ਦੇ ਖਿਡਾਰੀ ਸਫਲ ਨਹੀਂ ਹੋ ਸਕੇ।
ਅਜਿਹਾ 2002 ਤੋਂ ਬਾਅਦ ਪਹਿਲੀ ਵਾਰ ਹੋਇਆ ਹੈ।
ਫਰਾਂਸ ਅਤੇ ਮੋਰੱਕੋ ਦੀਆਂ ਟੀਮਾਂ ਵਿਚਾਲੇ ਇਹ ਓਵਰਆਲ 12ਵਾਂ ਮੈਚ ਸੀ। ਜਿਸ ‘ਚ ਫਰਾਂਸ ਨੇ 8 ਜਿੱਤੇ ਹਨ, ਜਦਕਿ ਮੋਰੱਕੋ ਦੇ ਖਾਤੇ ‘ਚ ਇਕ ਜਿੱਤ ਦਰਜ ਹੈ। ਤਿੰਨ ਮੈਚ ਡਰਾਅ ਰਹੇ ਹਨ। ਮੌਜੂਦਾ ਵਿਸ਼ਵ ਕੱਪ ‘ਚ ਫਰਾਂਸ ਦੀ ਟੀਮ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਉਹ ਇਸ ਵਿਸ਼ਵ ਕੱਪ ਵਿੱਚ ਸਿਰਫ਼ ਇੱਕ ਮੈਚ ਹਾਰਿਆ ਹੈ। ਫੀਫਾ ਵਿਸ਼ਵ ਕੱਪ ਵਿੱਚ 2002 ਤੋਂ ਬਾਅਦ ਪਹਿਲੀ ਵਾਰ ਕੋਈ ਟੀਮ ਲਗਾਤਾਰ ਦੂਜੀ ਵਾਰ ਫਾਈਨਲ ਵਿੱਚ ਪਹੁੰਚੀ ਹੈ। ਇਸ ਤੋਂ ਪਹਿਲਾਂ ਬ੍ਰਾਜ਼ੀਲ ਦੀ ਟੀਮ ਲਗਾਤਾਰ ਤਿੰਨ ਵਾਰ ਖਿਤਾਬੀ ਮੁਕਾਬਲੇ ‘ਚ ਪਹੁੰਚ ਚੁੱਕੀ ਹੈ। ਬ੍ਰਾਜ਼ੀਲ ਦੀ ਟੀਮ ਨੇ 1994, 1998 ਅਤੇ 2002 ਵਿੱਚ ਫਾਈਨਲ ਵਿੱਚ ਥਾਂ ਬਣਾਈ ਸੀ।