ਨਵੀਂ ਦਿੱਲੀ : ਭਾਜਪਾ ਦੇ ਸੰਸਦ ਮੈਂਬਰ ਅਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੂੰ ਇਕ ਵਾਰ ਫਿਰ ਅੱਤਵਾਦੀ ਸਮੂਹਾਂ ਤੋਂ ਧਮਕੀਆਂ ਮਿਲੀਆਂ ਹਨ। ਗੌਤਮ ਗੰਭੀਰ ਨੂੰ ਕਥਿਤ ਤੌਰ ‘ਤੇ ‘ISIS ਕਸ਼ਮੀਰ’ ਤੋਂ ਤੀਜੀ ਧਮਕੀ ਈ-ਮੇਲ ਮਿਲੀ, ਮੇਲ ਵਿਚ ਦਿੱਲੀ ਪੁਲਿਸ ਦਾ ਵੀ ਜ਼ਿਕਰ ਹੈ।
ਸੂਤਰਾਂ ਮੁਤਾਬਕ ਗੌਤਮ ਗੰਭੀਰ ਨੂੰ ਅੱਤਵਾਦੀ ਸਮੂਹ ਵੱਲੋਂ ਭੇਜੀ ਧਮਕੀ ਪੱਤਰ ਵਿਚ ਦਿੱਲੀ ਪੁਲਿਸ ਦਾ ਵੀ ਜ਼ਿਕਰ ਕੀਤਾ ਗਿਆ ਹੈ। ਕਿਹਾ ਗਿਆ ਹੈ ਕਿ ਉਨ੍ਹਾਂ ਦੀ ਸੁਰੱਖਿਆ ‘ਚ ਲੱਗੀ ਪੁਲਿਸ ਵੀ ਕੁਝ ਨਹੀਂ ਕਰ ਸਕੇਗੀ।
ਮੀਡੀਆ ਰਿਪੋਰਟਾਂ ਮੁਤਾਬਕ ਜਿਸ ਈ-ਮੇਲ ਆਈਡੀ ਤੋਂ ਇਹ ਮੈਸੇਜ ਆਇਆ ਹੈ, ਉਹ isiskashmir@yahoo.com ਹੈ। ਇਸ ਵਿਚ ਲਿਖਿਆ ਗਿਆ ਹੈ ਕਿ ਦਿੱਲੀ ਪੁਲਿਸ ਅਤੇ ਆਈਪੀਐਸ ਸ਼ਵੇਤਾ ਚੌਹਾਨ ਵੀ ਕੁਝ ਨਹੀਂ ਵਿਗਾੜ ਸਕਦੇ। ਪੁਲਿਸ ਦੇ ਅੰਦਰ ਸਾਡੇ ਜਾਸੂਸ ਮੌਜੂਦ ਹਨ, ਜੋ ਤੁਹਾਡੇ ਬਾਰੇ ਸਾਰੀ ਜਾਣਕਾਰੀ ਦੇ ਰਹੇ ਹਨ।
ਪਿਛਲੇ ਬੁੱਧਵਾਰ, ਕ੍ਰਿਕਟਰ ਤੋਂ ਸਿਆਸਤਦਾਨ ਬਣੇ ਪੂਰਬੀ ਦਿੱਲੀ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਦਿੱਲੀ ਪੁਲਿਸ ਕੋਲ ਜਾ ਕੇ ਦੋਸ਼ ਲਾਇਆ ਕਿ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਉਸਦੀ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਉਸਨੂੰ ਆਈਐਸਆਈਐਸ ਕਸ਼ਮੀਰ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ।
ਉਸਨੇ ਪੁਲਿਸ ਨੂੰ ਪਹਿਲੀ ਸੂਚਨਾ ਰਿਪੋਰਟ ਦਰਜ ਕਰਨ ਅਤੇ ਉਨ੍ਹਾਂ ਨੂੰ ਬਿਹਤਰ ਸੁਰੱਖਿਆ ਪ੍ਰਦਾਨ ਕਰਨ ਦੀ ਅਪੀਲ ਕੀਤੀ। ਜਿਸ ਤੋਂ ਬਾਅਦ ਪੁਲਿਸ ਨੇ ਗੌਤਮ ਗੰਭੀਰ ਦੇ ਘਰ ਦੀ ਸੁਰੱਖਿਆ ਵਧਾ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਟੀਵੀ ਪੰਜਾਬ ਬਿਊਰੋ