ਗੋਲਡਨ ਟੈਂਪਲ ‘ਚ ਔਰਤ ਨੇ 7ਵੀਂ ਮੰਜ਼ਿਲ ਤੋਂ ਮਾਰੀ ਛਾਲ, ਮੌਕੇ ‘ਤੇ ਹੀ ਮੌਤ

ਡੈਸਕ- ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਸਥਿਤ ਬਾਬਾ ਅਟਲ ਰਾਏ ਜੀ ਗੁਰਦੁਆਰਾ ਸਾਹਿਬ ਦੀ 7ਵੀਂ ਮੰਜ਼ਿਲ ਤੋਂ ਇਕ ਔਰਤ ਨੇ ਛਾਲ ਮਾਰ ਦਿੱਤੀ। ਛਾਲ ਮਾਰਨ ਤੋਂ ਬਾਅਦ ਉਹ ਸਿਰ ਦੇ ਭਾਰ ਜ਼ਮੀਨ ਤੇ ਡਿੱਗੀ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਫਿਲਹਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੁਲਿਸ ਵੱਲੋਂ ਔਰਤ ਬਾਰੇ ਜਾਣਕਾਰੀ ਹਾਸਿਲ ਕੀਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ, ਵੀਰਵਾਰ ਸਵੇਰੇ ਮ੍ਰਿਤਰ ਔਰਤ ਹਰਿਮੰਦਰ ਸਾਹਿਬ ਮੱਥਾ ਟੇਕਣ ਆਈ ਸੀ। ਉਸ ਨੇ ਮੱਥਾ ਟੇਕਿਆ ਜਾਂ ਨਹੀਂ, ਇਹ ਤਾਂ ਪਤਾ ਨਹੀਂ। ਪਰ ਉਸ ਤੋਂ ਬਾਅਦ ਕਰੀਬ ਸਾਢੇ 9 ਵਜੇ ਉਹ ਉਸੇ ਕੰਪਲੈਕਸ ਵਿੱਚ ਸਥਿਤ ਗੁਰਦੁਆਰਾ ਬਾਬਾ ਅਟਲ ਰਾਏ ਜੀ ਦੀ ਸੱਤਵੀਂ ਮੰਜ਼ਿਲ ‘ਤੇ ਚੜ੍ਹ ਗਈ। ਜਿੱਥੋਂ ਉਸ ਨੇ ਛਾਲ ਮਾਰ ਦਿੱਤੀ। ਛਾਲ ਮਾਰਨ ਤੋਂ ਬਾਅਦ ਜਿਵੇਂ ਹੀ ਔਰਤ ਹੇਠਾਂ ਡਿੱਗੀ ਤਾਂ ਖੂਨੋ-ਖੂਨ ਹੋ ਗਈ। ਉਸਦੇ ਹੇਠਾਂ ਡਿੱਗਦਿਆਂ ਹੀ ਜੋਰਦਾਰ ਆਵਾਜ਼ ਹੋਈ, ਜਿਸਤੋਂ ਬਾਅਦ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਇਸਦੀ ਸੂਚਨਾ ਦਿੱਤੀ।

ਘਟਨਾ ਦੀ ਸੂਚਨਾ ਮਿਲਦੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਿਸ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਔਰਤ ਦੀ ਲਾਸ਼ ਦੀ ਜਾਂਚ ਕੀਤੀ ਅਤੇ ਉਸ ਨੂੰ ਕਬਜ਼ੇ ‘ਚ ਲੈ ਲਿਆ।

ਪੁਲਿਸ ਮੁਤਾਬਕ ਔਰਤ ਦੀ ਪਛਾਣ ਨਹੀਂ ਹੋ ਸਕੀ ਹੈ। ਉਹ ਕਿੱਥੋਂ ਆਈ ਸੀ ਅਤੇ ਕੀ ਉਹ ਇਕੱਲੀ ਸੀ ਜਾਂ ਕੋਈ ਉਸਦੇ ਨਾਲ ਸੀ, ਇਸ ਬਾਰੇ ਅਜੇ ਤੱਕ ਜਾਣਕਾਰੀ ਨਹੀਂ ਮਿਲ ਸਕੀ ਹੈ। ਫਿਲਹਾਲ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਉਸ ਤੋਂ ਬਾਅਦ ਪਛਾਣ ਲਈ ਮੁਰਦਾਘਰ ‘ਚ ਰੱਖਿਆ ਜਾਵੇਗਾ। ਇਸ ਦੌਰਾਨ ਹਰਿਮੰਦਰ ਸਾਹਿਬ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮ੍ਰਿਤਕਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਜਾ ਸਕੇ।