ਚੇਪੌਕ ਸਟੇਡੀਅਮ ‘ਚ ਮੰਗਲਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੇ ਪਹਿਲੇ ਕੁਆਲੀਫਾਇਰ ਮੁਕਾਬਲੇ ‘ਚ ਚੇਨਈ ਸੁਪਰ ਕਿੰਗਜ਼ ਨੇ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਸ ਨੂੰ 15 ਦੌੜਾਂ ਨਾਲ ਹਰਾ ਕੇ 10ਵੀਂ ਵਾਰ ਫਾਈਨਲ ਲਈ ਟਿਕਟ ਬੁੱਕ ਕਰ ਲਈ। ਇਸ ਦੇ ਨਾਲ ਹੀ ਮੈਚ ਤੋਂ ਬਾਅਦ ਪ੍ਰਸ਼ੰਸਕਾਂ ਦੇ ਚਹੇਤੇ ਮਹਿੰਦਰ ਸਿੰਘ ਧੋਨੀ ਨੇ ਆਪਣੇ IPL ਸੰਨਿਆਸ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।
ਗੁਜਰਾਤ ਖਿਲਾਫ ਸ਼ਾਨਦਾਰ ਜਿੱਤ ਦਰਜ ਕਰਨ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਮੈਂ ਅਗਲੇ ਸਾਲ ਆਈਪੀਐੱਲ ‘ਚ ਵਾਪਸੀ ਕਰਾਂਗਾ ਜਾਂ ਨਹੀਂ ਪਰ ਇਕ ਗੱਲ ਤੈਅ ਹੈ ਕਿ ਉਹ ਸੀਐੱਸਕੇ ਲਈ ਹਮੇਸ਼ਾ ਤਿਆਰ ਰਹਿਣਗੇ।
ਮੈਚ ਤੋਂ ਬਾਅਦ ਦੀ ਪੇਸ਼ਕਾਰੀ ਵਿੱਚ ਹਰਸ਼ਾ ਭੋਗਲੇ ਨੇ ਮਹਿੰਦਰ ਸਿੰਘ ਧੋਨੀ ਨੂੰ ਪੁੱਛਿਆ ਕਿ ਕੀ ਉਹ ਅਗਲੇ ਸਾਲ ਆਈਪੀਐਲ ਵਿੱਚ ਦੁਬਾਰਾ ਐਕਸ਼ਨ ਵਿੱਚ ਨਜ਼ਰ ਆਉਣਗੇ। ਇਸ ਸਵਾਲ ਦਾ ਜਵਾਬ ਦਿੰਦੇ ਹੋਏ ਮਹਿੰਦਰ ਸਿੰਘ ਧੋਨੀ ਨੇ ਕਿਹਾ ਕਿ ‘ਮੈਨੂੰ ਨਹੀਂ ਪਤਾ (ਵਾਪਸੀ ‘ਤੇ)। ਮੇਰੇ ਕੋਲ ਫੈਸਲਾ ਕਰਨ ਲਈ ਅਜੇ 8-9 ਮਹੀਨੇ ਹਨ। ਦਸੰਬਰ ਵਿੱਚ ਇੱਕ ਮਿੰਨੀ ਨਿਲਾਮੀ ਹੋਵੇਗੀ। ਉਸ ਦੌਰਾਨ ਪਤਾ ਲੱਗ ਜਾਵੇਗਾ ਕਿ ਮੇਰਾ ਕੀ ਫੈਸਲਾ ਹੈ। ਹੁਣ ਤੋਂ ਇਸ ਲਈ ਸਿਰਦਰਦੀ ਕਿਉਂ ਲਓ।
ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿਜ਼ 41 ਸਾਲ ਦੇ ਹਨ। ਜੇਕਰ ਉਹ IPL ਦੇ ਅਗਲੇ ਸੀਜ਼ਨ ‘ਚ ਵੀ ਖੇਡਦੇ ਨਜ਼ਰ ਆਏ ਤਾਂ ਉਹ 42 ਸਾਲ ਦੇ ਹੋ ਜਾਣਗੇ। ਹਾਲਾਂਕਿ ਧੋਨੀ ਦੇ ਬਿਆਨ ਮੁਤਾਬਕ ਪ੍ਰਸ਼ੰਸਕਾਂ ਨੂੰ ਲੱਗ ਰਿਹਾ ਹੈ ਕਿ ਉਹ ਅਗਲੇ ਸੀਜ਼ਨ ‘ਚ ਵੀ ਨਜ਼ਰ ਆਉਣਗੇ। ਧੋਨੀ ਇਸ ਸੀਜ਼ਨ ‘ਚ ਗੋਡੇ ਦੀ ਸੱਟ ਨਾਲ ਜੂਝ ਰਹੇ ਹਨ। ਉਸ ਨੇ ਕਈ ਮੈਚਾਂ ਤੋਂ ਬਾਅਦ ਇਸ ਬਾਰੇ ਦੱਸਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਗੋਡੇ ਦੀ ਸੱਟ ਦੀ ਤਸਵੀਰ ਵੀ ਵਾਇਰਲ ਹੋਈ ਸੀ। ਅਜਿਹੇ ‘ਚ ਜੇਕਰ ਉਸ ਨੇ IPL ਦਾ ਅਗਲਾ ਸੀਜ਼ਨ ਖੇਡਣਾ ਹੈ ਤਾਂ ਉਸ ਨੂੰ ਆਪਣੀ ਫਿਟਨੈੱਸ ‘ਤੇ ਕਾਫੀ ਧਿਆਨ ਦੇਣਾ ਹੋਵੇਗਾ।
ਹਾਲਾਂਕਿ ਧੋਨੀ ਨੇ ਇਹ ਵੀ ਕਿਹਾ ਹੈ ਕਿ ਦਸੰਬਰ ਮਹੀਨੇ ‘ਚ ਮਿੰਨੀ ਨਿਲਾਮੀ ਹੋਣੀ ਹੈ। ਅਜਿਹੇ ‘ਚ ਉਸ ਸਮੇਂ ਹੀ ਪਤਾ ਲੱਗੇਗਾ ਕਿ ਸੀਐੱਸਕੇ ਧੋਨੀ ਨੂੰ ਬਰਕਰਾਰ ਰੱਖਦਾ ਹੈ ਜਾਂ ਨਹੀਂ। ਇਸ ਦੇ ਨਾਲ ਹੀ ਪ੍ਰਸ਼ੰਸਕ ਇਹ ਵੀ ਕਹਿ ਰਹੇ ਹਨ ਕਿ ਧੋਨੀ ਕੌਮਾਂਤਰੀ ਕ੍ਰਿਕਟ ਵਾਂਗ IPL ਨੂੰ ਵੀ ਅਚਾਨਕ ਅਲਵਿਦਾ ਕਹਿ ਸਕਦੇ ਹਨ।