ਚੰਡੀਗੜ੍ਹ- ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਪੁਲਿਸ ਦੇ ਡੀ.ਜੀ.ਪੀ ਗੌਰਵ ਯਾਦਵ ਨੂੰ ਝਾੜ ਲਗਾਈ ਹੈ ।ਪੰਜਾਬ ਪੁਲਿਸ ਅਤੇ ਹੋਰ ਅਧਿਕਾਰੀਆਂ ਨਾਲ ਬੈਠਕ ਕਰਦਿਆਂ ਗਵਰਨਰ ਨੇ ਸੂਬੇ ਚ ਵੱਧ ਰਹੇ ਅਪਰਾਧ ‘ਤੇ ਚਿੰਤਾ ਦਾ ਪ੍ਰਕਟਾਵਾ ਕੀਤਾ । ਉਨ੍ਹਾਂ ਕਿਹਾ ਕਿ ਬਾਰਡਰ ਪਾਰ ਤੋਂ ਲਗਾਤਾਰ ਪੰਜਾਬ ਚ ਹਥਿਆਰ ਅਤੇ ਨਸ਼ਾ ਭੇਜਿਆ ਜਾ ਰਿਹਾ ਹੈ ।ਇਹ ਬੜਾ ਗੰਭੀਰ ਅਤੇ ਚਿੰਤਾ ਦਾ ਵਿਸ਼ਾ ਹੈ ।ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੋ ਸਕਦਾ ਕਿ ਬਗੈਰ ਕਿਸੇ ਮਿਲੀਭੁਗਤ ਦੇ ਇਸ ਸੱਭ ਨੂੰ ਅੰਜਾਮ ਦਿੱਤਾ ਜਾ ਰਿਹਾ ਹੋਵੇ ।ਪੁਲਿਸ ਚ ਮੌਜੂਦ ਕਾਲੀਆਂ ਭੇਡਾਂ ਦਹਿਸ਼ਤਗਰਦਾਂ ਦਾ ਸਾਥ ਦੇ ਰਹੀਆਂ ਹਨ । ਉਨ੍ਹਾਂ ਡੀ.ਜੀ.ਪੀ ਪੰਜਾਬ ਨੂੰ ਅਜਿਹੀ ਭੇਡਾਂ ਦੀ ਸ਼ਿਨਾਖਤ ਕਰ ਉਨ੍ਹਾਂ ਖਿਲਾਫ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ।
ਡੀ.ਜੀ.ਪੀ ਗੌਰਵ ਯਾਦਵ ਨੇ ਵੀ ਰਾਜਪਾਲ ਦੇ ਖਦਸ਼ੇ ਨਾਲ ਰਜ਼ਾਮੰਦੀ ਜਤਾਈ ਹੈ । ਉਨ੍ਹਾਂ ਕਿਹਾ ਕਿ ਹਰ ਵਿਭਾਗ ਚ ਅਜਿਹੇ ਲੋਕ ਹੁੰਦੇ ਹਨ ਜੋਕਿ ਚੰਦ ਪੈਸਿਆ ਦੀ ਖਾਤਰਿ ਅਆਪਣਾ ਇਮਾਨ ਵੇਚ ਦਿੰਦੇ ਹਨ । ਰਾਜਪਾਲ ਦੇ ਕਹਿਣ ‘ਤੇ ਡੀ.ਜੀ.ਪੀ ਨੇ ਅਜਿਹੇ ਮੁਲਾਜ਼ਮਾਂ ਦੀ ਬਦਲੀ ਅਤੇ ਫੜੇ ਜਾਣ ‘ਤੇ ਸਖਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ ।ਡੀ.ਜੀ.ਪੀ ਨੇ ਪੰਜਾਬ ਦੇ ਸਾਰੇ ਕਮਿਸ਼ਨਰਾਂ ਅਤੇ ਐੱਸ.ਐੱਸ.ਪੀ ਨੂੰ ਆਪਣੇ ਇਲਾਕੇ ਚ ਨਸ਼ਾ ਤਸਕਰ ਅਤੇ ਗੈਂਗਸਟਰਾਂ ਖਿਲਾਫ ਸਖਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ।