Site icon TV Punjab | Punjabi News Channel

ਕੈਨੇਡਾ ‘ਚ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ, 9 ਮਹੀਨੇ ਪਹਿਲਾਂ ਹੀ ਗਿਆ ਸੀ ਵਿਦੇਸ਼

ਡੈਸਕ- ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ੀ ਧਰਤੀ ਤੇ ਪੰਜਾਬੀ ਨੌਜਵਾਨਾਂ ਦੀਆਂ ਲਗਾਤਾਰ ਹੋ ਰਹੀਆਂ ਮੌਤਾਂ ਚਿੰਤਾ ਦਾ ਵਿਸ਼ਾ ਬਣ ਰਹੀਆਂ ਹਨ। ਬੀਤੇ ਦਿਨੀ 23 ਸਾਲਾ ਨਵਦੀਪ ਕੌਰ ਦੀ ਕੈਨੇਡਾ ਵਿੱਚ ਬਰੇਨ ਹੈਮਰਜ ਦੇ ਨਾਲ ਹੋਈ ਮੌਤ ਦੀ ਖਬਰ ਹਜੇ ਠੰਡੀ ਵੀ ਨਹੀਂ ਸੀ ਹੋਈ ਅਤੇ ਬੀਤੀ ਰਾਤ ਨਾਭਾ ਦੀ ਸਭ ਤਹਿਸੀਲ ਭਾਦਸੋਂ ਦੇ ਰਹਿਣ ਵਾਲੇ 28 ਸਾਲਾ ਨੌਜਵਾਨ ਗੁਰਵਿੰਦਰ ਸਿੰਘ ਉਰਫ ਮਨੀ ਜੋ ਨੌ ਮਹੀਨੇ ਪਹਿਲਾਂ ਹੀ ਕਨੇਡਾ ਵਿਖੇ ਗਿਆ ਸੀ ਅਤੇ ਕੰਮ ਦੇ ਦੌਰਾਨ ਦਿਲ ਦਾ ਦੌਰਾ ਪੈਣ ਦੇ ਨਾਲ ਉਸ ਦੀ ਮੌਤ ਹੋ ਗਈ। ਜਿਵੇਂ ਇਹ ਖਬਰ ਪਰਿਵਾਰਿਕ ਮੈਂਬਰਾਂ ਤੱਕ ਪਹੁੰਚੀ ਤਾਂ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ।

ਮਿਲੀ ਜਾਣਕਾਰੀ ਅਨੁਸਾਰ ਗੁਰਵਿੰਦਰ ਸਿੰਘ ਪਰਿਵਾਰ ਦਾ ਇਕਲੌਤਾ ਹੀ ਬੇਟਾ ਸੀ ਅਤੇ ਹੁਣ ਘਰ ਵਿੱਚ ਸਿਰਫ ਤੇ ਸਿਰਫ ਮਾਤਾ ਪਿਤਾ ਲਈ ਰੋਣ ਤੋਂ ਸਿਵਾ ਹੋਰ ਕੁਝ ਨਹੀਂ ਰਿਹਾ। ਪਿਤਾ ਨੇ 20 ਲੱਖ ਦਾ ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਸੀ ਕਿ ਉਹ ਉਨਾਂ ਦੇ ਬੁਢਪੇ ਦਾ ਸਹਾਰਾ ਬਣੇਗਾ ਪਰ ਪਰਿਵਾਰਕ ਮੈਂਬਰਾਂ ਦੇ ਸੁਪਨੇ ਚਕਨਾ ਚੂਰ ਹੋ ਗਏ। ਪਰਿਵਾਰਿਕ ਮੈਂਬਰਾਂ ਨੇ ਮੰਗ ਕੀਤੀ ਕਿ ਮ੍ਰਿਤਕ ਪੁੱਤਰ ਦੀ ਦੇਹ ਨੂੰ ਭਾਰਤ ਲਿਆਂਦਾ ਜਾਵੇ ਤਾਂ ਜੋ ਆਖਰੀ ਸਮੇਂ ਆਪਣੇ ਰੀਤੀ ਰਿਵਾਜਾਂ ਦੇ ਨਾਲ ਆਪਣੇ ਪੁੱਤ ਦਾ ਸੰਸਕਾਰ ਕਰ ਸਕਣ।

ਇਸ ਮੌਕੇ ਤੇ ਮ੍ਰਿਤਕ ਗੁਰਵਿੰਦਰ ਸਿੰਘ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕੀ ਮੇਰਾ ਬੇਟਾ ਨੌ ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ, ਕਿਉਂਕਿ ਮੇਰੀ ਨੂੰਹ ਵੀ ਪਿਛਲੇ ਦੋ ਸਾਲਾਂ ਤੋਂ ਕਨੇਡਾ ਵਿਖੇ ਸਟਡੀ ਕਰ ਰਹੀ ਹੈ ਅਤੇ ਉਸ ਵੱਲੋਂ ਹੀ ਮੇਰੇ ਬੇਟੇ ਨੂੰ ਵਰਕ ਪਰਮਿਟ ‘ਤੇ ਬੁਲਾਇਆ ਸੀ ਅਤੇ ਮੈਂ 20 ਲੱਖ ਦਾ ਕਰਜ਼ਾ ਚੁੱਕ ਕੇ ਇਹਨਾਂ ਨੂੰ ਭੇਜਿਆ ਸੀ। ਸਾਨੂੰ ਖਬਰ ਆਈ ਕਿ ਤੁਹਾਡੇ ਬੇਟੇ ਦੀ ਮੌਤ ਹੋ ਗਈ ਹੈ ਇਹ ਖਬਰ ਸੁਣਦੇ ਸਾਡੇ ਪੈਰਾਂ ਹੇਠਾਂ ਜਮੀਨ ਖਿਸਕ ਗਈ, ਕਿਉਂਕਿ ਗੁਰਵਿੰਦਰ ਸਿੰਘ ਹੀ ਸਾਡਾ ਸਹਾਰਾ ਸੀ ਅਤੇ ਇਕਲੌਤਾ ਪੁੱਤਰ ਸੀ।

ਇਸ ਮੌਕੇ ਤੇ ਸੁਖਦੇਵ ਸਿੰਘ ਦੇ ਦੋਸਤ ਜੈਜੀ ਸਿੰਘ ਨੇ ਕਿਹਾ ਕਿ ਇਹ ਬਹੁਤ ਹੀ ਮਿਹਨਤੀ ਪਰਿਵਾਰ ਹੈ। ਇਹਨਾਂ ਵੱਲੋਂ ਕਰਜੇ ਦੀ ਪੰਡ ਚੁੱਕ ਕੇ ਆਪਣੇ ਬੇਟੇ ਨੂੰ ਵਿਦੇਸ਼ ਭੇਜਿਆ ਗਿਆ ਸੀ ਪਰ ਉੱਥੇ ਗੁਰਵਿੰਦਰ ਸਿੰਘ ਵਾਪਰੀ ਮੰਦਭਾਗੀ ਘਟਨਾ ਨੇ ਇਹਨਾਂ ਦੇ ਸਾਰੇ ਸੁਪਨੇ ਚਕਣਾ ਚੂਰ ਕਰ ਦਿੱਤੇ ਅਤੇ ਅਸੀਂ ਤਾਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਗਰੀਬ ਪਰਿਵਾਰ ਦੀ ਬਾਂਹ ਫੜੀ ਜਾਵੇ।

Exit mobile version