Hamilton- ਹੈਮਿਲਟਨ ਦੀ ਮੇਅਰ ਐਂਡਰੀਆ ਹੌਰਵੇਥ ਨੇ ਸੰਘੀ ਸਰਕਾਰ ਕੋਲੋਂ ਕਰੀਬ 9 ਮਿਲੀਅਨ ਡਾਲਰ ਦੀ ਵਿੱਤੀ ਸਹਾਇਤਾ ਮੰਗੀ ਹੈ ਤਾਂ ਜੋ ਪਨਾਹਗੀਰਾਂ ਅਤੇ ਰਿਫ਼ਿਊਜੀਆਂ ਦੀ ਵਧਦੀ ਗਿਣਤੀ ਕਾਰਨ ਸ਼ੈਲਟਰ ਹੋਮਜ਼ ’ਚ ਆਸਰਾ ਲੈਣ ਵਾਲਿਆਂ ਅਤੇ ਸੜਕਾਂ ’ਤੇ ਰਹਿਣ ਲਈ ਮਜ਼ਬੂਰ ਲੋਕਾਂ ਦੀਆਂ ਸਮੱਸਿਆ ਦਾ ਹੱਲ ਕੀਤਾ ਜਾ ਸਕੇ। ਐਂਡਰੀਆ ਹੌਰਵੈਥ ਨੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਨੂੰ ਬੀਤੇ ਕੱਲ੍ਹ ਇੱਕ ਚਿੱਠੀ ਲਿਖ ਕੇ ਇਸ ਮਾਮਲੇ ’ਚ ਹੈਮਿਲਟਨ ਨੂੰ ਦਰਪੇਸ਼ ਚੁਣੌਤੀਆਂ ਦਾ ਜ਼ਿਕਰ ਕੀਤਾ ਅਤੇ ਦੱਸਿਆ ਕਿ 9 ਮਿਲੀਅਨ ਡਾਲਰ ਉਨ੍ਹਾਂ ਦੀ ਕਿਵੇਂ ਮਦਦ ਕਰੇਗਾ। ਉਨਾਂ ਕਿਹਾ ਕਿ ਹੈਮਿਲਟਨ ਦੇ ਐਮਰਜੈਂਸੀ ਸ਼ੈਲਟਰ ਸਿਸਟਮ ’ਚ 509 ਸ਼ਰਨਾਰਥੀ ਅਤੇ ਪਨਾਹਗੀਰ ਠਹਿਰੇ ਹੋਏ ਹਨ, ਜਿਨ੍ਹਾਂ ਚੋਂ 202 ਪਿਛਲੇ ਹਫ਼ਤੇ ’ਚ ਹੀ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਹਰੇਕ ਪੰਜ ’ਚੋਂ ਇੱਕ ਸ਼ੈਲਟਰ ਬੈੱਡ ਕਿਸੇ ਸ਼ਰਨਾਰਥੀ ਜਾਂ ਪਨਾਹਗੀਰ ਕੋਲ ਹੈ। ਹੌਰਵੇਥ ਨੇ ਅੱਗੇ ਕਿਹਾ, ‘‘ਪਨਾਹਗੀਰਾਂ ਦੀ ਤੇਜ਼ੀ ਨਾਲ ਆਉਣ ਵਾਲੀ ਆਮਦ ਸਾਡੇ ਐਮਰਜੈਂਸੀ ਰਿਸਪਾਂਸ ਸਿਸਟਮ ਨੂੰ ਖ਼ਤਰੇ ਵਿਚ ਪਾ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਪਨਾਹਗੀਰ ਜਾਂ ਉਨ੍ਹਾਂ ਦੇ ਪਰਿਵਾਰ ਕਿਉਂ ਦੁੱਖ ਭੋਗਣ ਜਦੋਂਕਿ ਸੰਘੀ ਅਤੇ ਸੂਬਾਈ ਸਰਕਾਰਾਂ ਉਨ੍ਹਾਂ ਦੀ ਜ਼ਿੰਮੇਵਾਰੀ ਤੋਂ ਬਚਣ ਲਈ ਲੜਦੀਆਂ ਹਨ। ਉਨ੍ਹਾਂ ਕਿਹਾ ਕਿ 9 ਮਿਲੀਅਨ ਚੋਂ ਅੱਧੀ ਰਾਸ਼ੀ ਸ਼ੈਲਟਰ ਹੋਮ ਦੀ ਹੁਣ ਤੱਕ ਦੀ ਲਾਗਤ ਦਾ ਭੁਗਤਾਨ ਕਰੇਗੀ ਅਤੇ ਬਾਕੀ ਦੀ ਰਾਸ਼ੀ ਬਚਦੇ ਸਾਲ ਲਈ ਵਰਤੀ ਜਾਵੇਗੀ। ਇੱਥੇ ਇਹ ਦੱਸਣਾ ਬਣਦਾ ਹੈ ਕਿ ਕੈਨੇਡਾ ਇਸ ਸਾਲ ਹੁਣ ਤੱਕ ਪਨਾਹਗੀਰਾਂ ਦੀਆਂ ਲਗਭਗ 60,000 ਅਰਜ਼ੀਆਂ ਪ੍ਰੋਸੈਸ ਕਰ ਚੁੱਕਾ ਹੈ, ਜਿਹੜੀ ਲਗਭਗ ਇੱਕ ਦਹਾਕੇ ’ਚ ਸਭ ਤੋਂ ਵੱਧ ਗਿਣਤੀ ਹੈ।