ਰਿਹਾਇਸ਼ੀ ਸੰਕਟ ਟਰੂਡੋ ਲਈ ਬਣਿਆ ਖ਼ਤਰੇ ਦੀ ਘੰਟੀ!

Ottawa- ਕੈਨੇਡਾ ’ਚ ਰਿਹਾਇਸ਼ੀ ਸੰਕਟ ਦਾ ਮੁੱਦਾ ਦਿਨੋ-ਦਿਨ ਹੋਰ ਗਹਿਰਾਉਂਦਾ ਜਾ ਰਿਹਾ ਹੈ ਅਤੇ ਇਹ ਕਿਤੇ ਨਾ ਕਿਤੇ ਫੈਡਰਲ ਲਿਬਰਲਾਂ ਲਈ ਸਿਆਸੀ ਖ਼ਤਰੇ ਦੀ ਘੰਟੀ ਬਣ ਗਿਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਵਲੋਂ ਤੁਰੰਤ ਕੋਈ ਠੋਸ ਕਾਰਵਾਈ ਨਾ ਕੀਤੀ ਗਈ ਤਾਂ ਰਿਹਾਇਸ਼ੀ ਸੰਕਟ ਮੌਜੂਦਾ ਸਰਕਾਰ ਲਈ ਅਗਲੀਆਂ ਚੋਣਾਂ ’ਚ ਇੱਕ ਵੱਡਾ ਖ਼ਤਰਾ ਪੈਦਾ ਕਰ ਸਕਦਾ ਹੈ। ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਲਈ ਆਰਥਿਕ ਰਣਨੀਤੀ ਅਤੇ ਯੋਜਨਾਬੰਦੀ ਦੇ ਸਾਬਕਾ ਮੁਖੀ ਟਾਈਲਰ ਮੈਰੀਡੀਥ ਨੇ ਕਿਹਾ ਕਿ ਇਹ ਸ਼ਾਇਦ ਇਸ ਸਮੇਂ ਦੇਸ਼ ਦੇ ਸਾਹਮਣੇ ਸਭ ਤੋਂ ਵੱਧ ਮਹੱਤਵਪੂਰਨ ਆਰਥਿਕ ਅਤੇ ਸਿਆਸੀ ਸਮੱਸਿਆ ਬਣ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸਮੱਸਿਆ ਸ਼ਾਇਦ ਸਰਕਾਰ ਵਲੋਂ ਇਮੀਗ੍ਰੇਸ਼ਨ ਅਤੇ ਰਿਹਾਇਸ਼ ਬਾਜ਼ਾਰ ’ਚ ਸੰਬੰਧਾਂ ’ਤੇ ਵਧੇਰੇ ਜ਼ੋਰ ਦੇਣ ਕਾਰਨ ਪੈਦਾ ਹੋਈ ਹੈ ਅਤੇ ਹੁਣ ਇਸ ਬਾਰੇ ’ਚ ਕੁਝ ਕਰਨ ਦੀ ਲੋੜ ਹੈ।
ਉੱਧਰ ਕੰਜ਼ਰਵੇਟਿਵ ਨੇਤਾ ਪੀਅਰੇ ਪੋਲੀਵਰੇ ਨੇ ਆਵਾਸ ਘਰਾਂ ਦੀ ਕੀਮਤਾਂ, ਕਿਰਾਏ ਅਤੇ ਇੱਥੋਂ ਤੱਕ ਵਿਆਜ ਦਰਾਂ ’ਚ ਦਰਾਂ ਨਾਕਟਰੀ ਵਾਧੇ ਨੂੰ ਉਜਾਗਰ ਕਰਦਿਆਂ ਹਾਊਸਿੰਗ ਮਾਰਕਿਟ ਦੀ ਮੌਜੂਦਾ ਸਥਿਤੀ ਲਈ ਲਿਬਰਲਾਂ ’ਤੇ ਸਿੱਧਾ ਨਿਸ਼ਾਨਾ ਸਾਧਿਆ ਹੈ। ਕੈਨੇਡੀਅਨ ਰੀਅਲ ਅਸਟੇਟ ਐਸੋਸ਼ੀਏਸ਼ਨ ਵਲੋਂ ਜਾਰੀ ਕੀਤੇ ਗਏ ਅੰਕੜੇ ਤਾਂ ਹੈਰਾਨੀਜਨਕ ਹਨ। ਐਸੋਸੀਏਸ਼ਨ ਵਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਜੂਨ 2023 ’ਚ ਵੇਚੇ ਗਏ ਘਰ ਦੀ ਔਸਤਨ ਕੀਮਤ 709,000 ਡਾਲਰ ਸੀ, ਜਿਹੜੀ ਕਿ ਅਕਤੂਬਰ 2015 ’ਚ 455,000 ਡਾਲਰ ਸੀ, ਜਦੋਂ ਲਿਬਰਲ ਪਹਿਲੀ ਵਾਰ ਸੱਤਾ ’ਚ ਆਏ ਸਨ। ਉੱਧਰ ਕੋਰੋਨਾ ਮਹਾਂਮਾਰੀ ਤੋਂ ਬਾਅਦ ਵਧਦੀ ਮਹਿੰਗਾਈ ਦੇ ਜਵਾਬ ’ਚ ਬੈਂਕ ਆਫ਼ ਕੈਨੇਡਾ ਵਲੋਂ ਵਿਆਜ ਦਰਾਂ ’ਚ ਕੀਤੇ ਜਾ ਰਹੇ ਲਗਾਤਾਰ ਵਾਧੇ ਤੋਂ ਬਾਅਦ ਮੌਰਗੇਜ ਕੀਮਤਾਂ ’ਚ ਵੀ ਵਾਧਾ ਹੋਇਆ ਹੈ। ਇਸ ਸਭ ਦੇ ਚੱਲਦਿਆਂ ਕਿਰਾਏ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ ਅਤੇ ਕੁਝ ਸ਼ਹਿਰਾਂ ’ਚ ਤਾਂ ਇਨ੍ਹਾਂ ਕੀਮਤਾਂ ’ਚ ਦੁੱਗਣਾ ਵਾਧਾ ਹੋਇਆ ਹੈ।
ਹਾਲਾਂਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਰਿਹਾਇਸ਼ੀ ਸੰਕਟ ਨੂੰ ਦੂਰ ਕਰਨ ਲਈ ਉਨ੍ਹਾਂ ਦੀ ਸਰਕਾਰ ਵਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਫੈਡਰਲ ਸਰਕਾਰ ਇਹ ਸਭ ਕੁਝ ਇੱਕ ਦਾਇਰੇ ’ਚ ਹੀ ਕਰ ਸਕਦੀ ਹੈ। ਉਨ੍ਹਾਂ ਨੇ ਬੀਤੀ 31 ਜੁਲਾਈ ਨੂੰ ਹੈਮਿਲਟਨ ਇੱਕ ਰਿਹਾਇਸ਼ੀ ਐਲਾਨ ਦੌਰਾਨ ਕਿਹਾ ਸੀ ਕਿ ਮੈਂ ਸਪੱਸ਼ਟ ਤੌਰ ਤੇ ਕਹਾਂਗਾ ਕਿ ਰਿਹਾਇਸ਼ ਇੱਕ ਮੁੱਢਲੀ ਫੈਡਰਲ ਜ਼ਿੰਮੇਵਾਰੀ ਨਹੀਂ ਹੈ। ਟਰੂਡੋ ਦੀਆਂ ਅਜਿਹੀਆਂ ਟਿੱਪਣੀਆਂ ’ਤੇ ਕੰਜ਼ਰਵੇਟਿਵ ਨੇਤਾ ਪਿਅਰੇ ਪੋਲੀਵਰੇ ਨੇ ਉਨ੍ਹਾਂ ਦੀ ਜੰਮ ਕੇ ਨਿਖੇਧੀ ਕੀਤੀ ਅਤੇ ਟਰੂਡੋ ਵਲੋਂ ਲੋਕਾਂ ਨੂੰ ਕੀਤੇ ਗਏ ਪਹਿਲੇ ਵਾਅਦਿਆਂ ਦੀ ਯਾਦ ਦਿਵਾਈ। ਪੋਲੀਵਰੇ ਨੇ ਅਗਲੇ ਦਿਨ ਇੱਕ ਪ੍ਰੈੱਸ ਕਾਨਫ਼ਰੰਸ ਦੌਰਾ ਕਿਹਾ ਕਿ ਟਰੂਡੋ ਨੇ ਲੋਕਾਂ ਨੂੰ ਇਹ ਦੱਸਣ ਲਈ ਇੱਕ ਪ੍ਰੈੱਸ ਕਾਨਫ਼ਰੰਸ ਕੀਤੀ ਕਿ ਉਹ ਰਿਹਾਇਸ਼ ਲਈ ਜ਼ਿੰਮੇਵਾਰ ਨਹੀਂ ਹਨ। ਇਹ ਮਜ਼ਾਕ ਦੀ ਗੱਲ ਹੈ ਕਿਉਂਕਿ ਅੱਠ ਸਾਲ ਪਹਿਲਾਂ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਉਹ ਰਿਹਾਇਸ਼ ਦੀਆਂ ਕੀਮਤਾਂ ਘੱਟ ਕਰਨਗੇ।