ਬੱਗਾ ਨੂੰ ਚੁੱਕਣ ਵਾਲੀ ਪੰਜਾਬ ਪੁਲਿਸ ‘ਤੇ ਕਿਡਨੈਪਿੰਗ ਦਾ ਮਾਮਲਾ ਦਰਜ

ਨਵੀਂ ਦਿੱਲੀ- ਨਵੀਂ ਦਿੱਲੀ ਚ ਭਾਜਪਾ ਨੇਤਾ ਤਜਿੰਦਰ ਬੱਗਾ ਨੂੰ ਗ੍ਰਿਫਤਾਰ ਕਰਨ ਵਾਲੀ ਪੰਜਾਬ ਪੁਲਿਸ ਖਿਲਾਫ ਦਿੱਲੀ ਦੇ ਥਾਣਾ ਜਨਕਪੁਰੀ ਚ ਕਿਡਨੈਪਿੰਗ ਦਾ ਮਾਮਲਾ ਦਰਜ ਕੀਤਾ ਗਿਆ ਹੈ । ਇਹ ਕਾਰਵਾਈ ਬੱਗਾ ਦੇ ਪਿਤਾ ਪ੍ਰੀਤਪਾਲ ਸਿੰਘ ਦੀ ਸ਼ਿਕਾਇਤ ਦੇ ਅਧਾਰ ‘ਤੇ ਕੀਤਾ ਗਿਆ ਹੈ । ਮਿਲੀ ਜਾਣਕਾਰੀ ਮੁਤਾਬਿਕ ਕਿਉਂਕ ਪੰਜਾਬ ਪੁਲਿਸ ਨੇ ਬੱਗਾ ਦੀ ਗ੍ਰਿਫਤਾਰੀ ਵੇਲੇ ਦਿੱਲੀ ਪੁਲਿਸ ਨਾਲ ਕੋਈ ਰਾਬਤਾ ਕਾਇਮ ਨਹੀਂ ਕੀਤਾ ਸੀ ,ਇਸ ਕਾਰਣ ਵੀ ਕਨੂੰਨੀ ਤੌਰ ‘ਤੇ ਪੰਜਾਬ ਪੁਲਿਸ ਗਲਤੀ ਕਰ ਗਈ ।ਕਨੂੰਨ ਦੇ ਮਾਹਿਰਾਂ ਮੁਤਾਬਿਕ ਪੰਜਾਬ ਪੁਲਿਸ ਨੂੰ ਦਿੱਲੀ ਪੁਲਿਸ ਦਾ ਸਹਿਯੋਗ ਲੈਣ ਤੋਂ ਬਾਅਦ ਦਿੱਲੀ ਦੀ ਅਦਾਲਤ ਚ ਹੀ ਬੱਗਾ ਨੂੰ ਪੇਸ਼ ਕਰਨਾ ਸੀ । ਉਸਤੋਂ ਬਾਅਦ ਟ੍ਰਾਂਜ਼ਿਟ ਵਾਰੰਟ ਲੈ ਕੇ ਪੰਜਾਬ ਆਉਣਾ ਸੀ ।

ਪੰਜਾਬ ਪੁਲਿਸ ਨੇ ਚਾਹੇ ਇਸ ਓਪਰੇਸ਼ਨ ਚ ਕਨੂੰਨੀ ਗਲਤੀਆਂ ਕੀਤੀਆਂ ਹੋਣ ਪਰ ਦਿੱਲੀ ਪੁਲਿਸ ਇਸ ਮਾਮਲੇ ਚ ਅੱਗੇ ਨਿਕਲ ਰਹੀ ਹੈ । ਦਿੱਲੀ ਚ ਪੰਜਾਬ ਪੁਲਿਸ ਖਿਲਾਫ ਪਰਚਾ ਦਰਜ ਹੁੰਦਿਆਂ ਹੀ ਪੰਜਾਬ ਜਾ ਰਹੀ ਟੀਮ ਨੂੰ ਹਰਿਆਣਾ ਚ ਰੋਕ ਲਿਆ ਗਿਆ । ਦਿੱਲੀ ਪੁਲਿਸ ਦੀ ਇਤਲਾਹ ‘ਤੇ ਪੰਜਾਬ ਪੁਲਿਸ ਨੂੰ ਕੁਰੂਕਸ਼ੇਤਰ ਚ ਰੋਕ ਲਿਆ ਗਿਆ ਹੈ । ਹਰਿਆਣਾ ਪੁਲਿਸ ਦੇ ਤਿੰਨ ਐੱਸ.ਪੀ ਮੌਕੇ ‘ਤੇ ਮੌਜੂਦ ਹੋ ਪੰਜਾਬ ਪੁਲਿਸ ਨੂੰ ਰੋਕੀ ਬੈਠੇ ਹਨ ।

ਓਧਰ ਦਿੱਲੀ ਭਾਜਪਾ ਨੇਤਾਵਾਂ ਨੇ ਜਨਕਪੁਰੀ ਥਾਣੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ । ਬੱਗਾ ਦੇ ਪਿਤਾ ਪ੍ਰੀਤਪਾਲ ਨੇ ਪੰਜਾਬ ਪੁਲਿਸ ‘ਤੇ ਉਨ੍ਹਾਂ ਨਾਲ ਕੁੱਟਮਾਰ ਕਰਨ ਦੇ ਵੀ ਇਲਜ਼ਾਮ ਲਗਾਏ ਹਨ ।ਕੁੱਲ ਮਿਲਾ ਕੇ ਮਾਮਲਾ ਸਿਆਸੀ ਤੁਲ ਫੜਦਾ ਜਾ ਰਿਹਾ ਹੈ ।ਤੁਹਾਨੂੰ ਦੱਸ ਦਈਏ ਕਿ ਮੁਹਾਲੀ ਤੋਂ ‘ਆਪ’ ਨੇਤਾ ਸੰਨੀ ਆਹਲੁਵਾਲੀਆ ਦੀ ਸ਼ਿਕਾਇਤ ‘ਤੇ ਭਾਜਪਾ ਆਗੂ ਤਜਿੰਦਰਪਾਲ ਬੱਗਾ ਖਿਲਾਫ ਪਰਚਾ ਦਰਜ ਕੀਤਾ ਗਿਆ ਸੀ । ਸ਼ਿਕਾਇਤਕਰਤਾ ਸੰਨੀ ਮੁਤਾਬਿਕ ਬੱਗਾ ਵਲੋਂ ਕੇਜਰੀਵਾਲ ਖਿਲਾਫ ਜਾਨੋ ਮਾਰਨ ਦੀਆਂ ਧਮਕੀਆਂ ਸਮੇਤ ਗਲਤ ਬਿਆਨਬਾਜੀ ਕੀਤੀ ਗਈ ਹੈ ।ਕੇਜਰੀਵਾਲ ਦੀ ਰਿਹਾਇਸ਼ ‘ਤੇ ਹੋਏ ਹਮਲੇ ਦੌਰਾਨ ਵੀ ਬੱਗਾ ਉੱਥੇ ਮੌਜੂਦ ਸਨ ।