ਹੈਂਡੀਕੈਪ ਖਿਡਾਰੀਆਂ ਵੱਲੋਂ ਕੈਪਟਨ ਦੀ ਕੋਠੀ ਦਾ ਕੀਤਾ ਗਿਆ ਘਿਰਾਓ

ਹੈਂਡੀਕੈਪ ਖਿਡਾਰੀਆਂ ਵੱਲੋਂ ਅੱਜ ਚੰਡੀਗੜ੍ਹ ‘ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਹਾਇਸ਼ ਦਾ ਘਿਰਾਓ ਕੀਤਾ ਗਿਆ। ਇਸ ਦੌਰਾਨ ਖਿਡਾਰੀਆਂ ਨੇ ਕਿਹਾ ਕਿ ਦੇਸ਼ ਲਈ ਮੈਡਲ ਜਿੱਤਣ ਤੋਂ ਬਾਅਦ ਵੀ ਸਰਕਾਰ ਵੱਲੋਂ ਹਮੇਸ਼ਾ ਉਨ੍ਹਾਂ ਨੂੰ ਅਣਦੇਖਾ ਕੀਤਾ ਗਿਆ ਅਤੇ ਕੋਈ ਵੀ ਸਹੂਲਤ ਜਾਂ ਸਰਕਾਰੀ ਨੌਕਰੀ ਨਹੀਂ ਦਿੱਤੀ ਗਈ ਇਸ ਲਈ ਉਹ ਆਪਣੇ ਮੈਡਲ ਸਰਕਾਰ ਨੂੰ ਵਾਪਿਸ ਕਰਨ ਆਏ ਹਨ।
ਆਮ ਆਦਮੀ ਪਾਰਟੀ ਦੇ ਯੂਥ ਵਿੰਗ ਵੱਲੋਂ ਇਹਨਾਂ ਖਿਡਾਰੀਆਂ ਦਾ ਸਾਥ ਦਿੰਦੇ ਹੋਏ ਕੈਪਟਨ ਦੀ ਰਿਹਾਇਸ਼ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ । ਜਦੋਂ ਪੁਲਿਸ ਵੱਲੋਂ ਉਨ੍ਹਾਂ ਨੂੰ ਰੋਕਿਆ ਗਿਆ  ਤਾਂ ਖਿਡਾਰੀਆਂ ਵੱਲੋਂ ਪੁਲਿਸ ਦੇ ਬੈਰੀਕੇਡ ਤੋੜ ਦਿਤੇ ਗਏ ਅਤੇ ਖਿਡਾਰੀਆਂ ਦੇ ਮੈਡਲ ਵੀ ਟੁੱਟ ਗਏ। ਜਿਸ ਤੋਂ ਬਾਅਦ ਪੁਲਿਸ ਵੱਲੋਂ ਕਈ ਖਿਡਾਰੀਆਂ ਨੂੰ ਹਿਰਾਸਤ ‘ਚ ਲੈ ਲਿਆ ਗਿਆ। ਖਿਡਾਰੀਆਂ ਨੇ ਕਿਹਾ ਕਿ ਜਦੋਂ ਸਾਡੇ ਜੂਨੀਅਰ ਸਾਨੂੰ ਇਸ ਹਾਲਤ ਵਿੱਚ ਦੇਖਦੇ ਹਨ ਕੇ ਘਰ ਦਾ ਗੁਜ਼ਾਰਾ ਵੀ ਬੜੀ ਮੁਸ਼ਕਲ ਨਾਲ ਚਲ ਰਿਹਾ ਹੈ ਤਾਂ ਉਹ ਕਿਵੇਂ ਹਿੰਮਤ ਕਰਨਗੇ ਉਹਨਾਂ ਦੇ ਰਾਹ ਤੇ ਚਲਣ ਦੀ।  ਉਹਨਾਂ ਕਿਹਾ ਕਿ ਜੇ ਸਰਕਾਰ ਆਪਣੇ ਵਿਧਾਇਕਾਂ ਦੇ ਪੁੱਤਰਾਂ ਨੂੰ ਤਰਸ ਦੇ ਆਧਾਰ ਤੇ ਨੌਕਰੀ ਦੇ ਸਕਦੀ ਹੈ ਤੇ ਖ਼ਿਡਾਰੀਆਂ ’ਤੇ ਮਾਣ ਕਰਕੇ ਉਹਨਾਂ ਨੂੰ ਨੌਕਰੀ ਕਿਉੰ ਨਹੀਂ ਦੇ ਸਕਦੀ।