ਕਿਸਾਨ ਮੋਰਚੇ ‘ਤੇ ਡੱਟੇ ਹੋਏ ਮਜ਼ਦੂਰ ਸਾਥੀ ਹਰਚਰਨ ਸਿੰਘ ਖ਼ਾਲਸਾ ਨਹੀਂ ਰਹੇ

ਨਵੀਂ ਦਿੱਲੀ : ਸ਼ਹੀਦ ਭਗਤ ਸਿੰਘ ਲਾਇਬ੍ਰੇਰੀ, ਮੈਟਰੋ ਪਿਲਰ ਨੰਬਰ 783, ਟਿਕਰੀ ਮੋਰਚਾ ਉਤੇ ਸਥਿਤ ਪੰਜਾਬ ਕਿਸਾਨ ਯੂਨੀਅਨ ਦੇ ਕੈਂਪ ਆਫਿਸ ਵਿਚ ਸਾਥੀ ਹਰਚਰਨ ਸਿੰਘ ਖਾਲਸਾ (65 ਸਾਲ) ਪਿੰਡ ਹਾਕਮ ਵਾਲਾ, ਥਾਣਾ ਬੋਹਾ, ਤਹਿਸੀਲ ਬੁਢਲਾਡਾ ਜ਼ਿਲਾ ਮਾਨਸਾ ਦੀ ਮੌਤ ਹੋ ਗਈ ਹੈ।

ਨਿਹੰਗ ਬਾਣੇ ਵਿਚ ਸਜੇ ਮਜ਼ਦੂਰ ਸਾਥੀ ਹਰਚਰਨ ਸਿੰਘ ਖ਼ਾਲਸਾ, ਕਿਸਾਨ ਮੋਰਚੇ ਦੇ ਆਰੰਭ ਤੋਂ ਟਿਕਰੀ ਬਾਰਡਰ ਮੋਰਚੇ ਉਤੇ ਡੱਟਿਆ ਹੋਇਆ ਸੀ ਅਤੇ ਇਕ ਵਾਰ ਵੀ ਵਾਪਸ ਅਪਣੇ ਘਰ ਨਹੀਂ ਸੀ ਗਿਆ।

ਮੋਰਚੇ ਦੀ ਟਿਕਰੀ ਬਾਰਡਰ ਸੰਚਾਲਨ ਕਮੇਟੀ ਦੇ ਆਗੂਆਂ ਦੀ ਸਲਾਹ ਨਾਲ ਸਿਵਲ ਹਸਪਤਾਲ ਬਹਾਦਰਗੜ੍ਹ ਤੋਂ ਉਨਾਂ ਦਾ ਪੋਸਟ ਮਾਰਟਮ ਕਰਵਾਕੇ ਉਨਾਂ ਦੀ ਦੇਹ ਸਤਿਕਾਰ ਸਹਿਤ ਉਨਾਂ ਦੇ ਜੱਦੀ ਪਿੰਡ ਹਾਕਮਵਾਲਾ ਲਈ ਰਵਾਨਾ ਕਰ ਦਿੱਤੀ ਗਈ ਹੈ।

ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਭੀਖੀ ਵੀ ਐਂਬੂਲੈਂਸ ਦੇ ਨਾਲ ਗਏ ਹਨ। ਜ਼ਿਕਰਯੋਗ ਹੈ ਕਿ ਹਰਚਰਨ ਸਿੰਘ ਖ਼ਾਲਸਾ ਜੀ ਅਤੇ ਉਨਾਂ ਦਾ ਪਰਿਵਾਰ ਅਤੇ ਭਾਈ ਭਤੀਜੇ ਲੰਬੇ ਸਮੇਂ ਤੋਂ ਜੁਝਾਰੂ ਮਜ਼ਦੂਰ ਜਥੇਬੰਦੀ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਨਾਲ ਸਰਗਰਮ ਤੌਰ ‘ਤੇ ਜੁੜੇ ਹੋਏ ਹਨ।

ਟੀਵੀ ਪੰਜਾਬ ਬਿਊਰੋ