ਡੈਸਕ- ਕੈਬਨਿਟ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਬੀਤੇ ਦਿਨ ਬਿਭੋਰ ਸਾਹਿਬ ‘ਆਪ ਸਰਕਾਰ ਵੱਲੋਂ ਤਿਆਰ ਡਿਸਪੈਂਸਰੀ ਨੂੰ ਲੋਕ ਅਰਪਣ ਕੀਤਾ। ਇਸ ਡਿਸਪੈਂਸਰੀ ਲਈ 15 ਲੱਖ ਦਾ ਐਸਟੀਮੇਟ ਸੀ, ਜਦਕਿ ਇਹ ਇਹ ਡਿਸਪੈਂਸਰੀ 13 ਲੱਖ ਵਿੱਚ ਬਣ ਕੇ ਤਿਆਰ ਹੋ ਗਈ। ਇਹ ਜਾਣਕਾਰੀ ਕੈਬਨਿਟ ਮੰਤਰੀ ਨੇ ਟਵੀਟ ‘ਤੇ ਦਿੰਦੇ ਹੋਏ ਕਿਹਾ ਕਿ ਇਹ ਹੈ ਇਮਾਨਦਾਰ ਸਰਕਾਰ ਦੀ ਤਾਕਤ। ਉਨ੍ਹਾਂ ਦੱਸਿਆ ਕਿ ਪਿੰਡ ਬਿਭੋਰ ਸਾਹਿਬ ਦੀ ਖੰਡਰ ਪਈ ਆਯੁਰਵੈਦਿਕ ਡਿਸਪੈਂਸਰੀ ਦੀ ਮੁੜ ਉਸਾਰੀ ਕਰਕੇ ਅੱਜ ਮੇਰੇ ਵਲੋਂ ਪਿੰਡ ਵਾਸੀਆਂ ਲਈ ਲੋਕ ਅਰਪਣ ਕੀਤੀ ਗਈ।
ਇਸ ਡਿਸਪੈਂਸਰੀ ਦੀ ਉਸਾਰੀ ਲਈ 15 ਲੱਖ ਦਾ ਐਸਟੀਮੇਟ ਬਣਿਆ ਸੀ ਤੇ 15 ਲੱਖ ਜਾਰੀ ਹੋਇਆ ਸੀ ਪਰ ਡਿਸਪੈਂਸਰੀ 13 ਲੱਖ ‘ਚ ਬਣਕੇ ਤਿਆਰ ਹੈ। ਉਨ੍ਹਾਂ ਕਿਹਾ ਕਿ ਜੇ ਪਿਛਲੀਆਂ ਸਰਕਾਰਾਂ ਹੁੰਦੀਆਂ ਤਾਂ ਬਜਟ ਵਧਾ ਕੇ 15 ਲੱਖ ਦੀ ਡਿਸਪੈਂਸਰੀ 25 ਲੱਖ ਚ ਬਣਨੀ ਸੀ। ਉਨ੍ਹਾਂ ਕਿਹਾ ਕਿ ਜੇ ਨਿਯਤ ਸਾਫ ਹੋਵੇ ਤਾਂ ਸਭ ਮੁਮਕਿਨ ਹੈ।
ਡਿਸਪੈਂਸਰੀ ਲੋਕ ਅਰਪਣ ਕਰਦੇ ਹੋਏ ਸਿੱਖਿਆ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸਿਹਤ ਸੇਵਾਵਾਂ ਵਿਚ ਜ਼ਿਕਰਯੋਗ ਸੁਧਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਸਾਰੀਆਂ ਦਵਾਈਆਂ ਹੁਣ ਉਪਲੱਬਧ ਹੋਣਗੀਆਂ, ਜਿਹੜੀਆਂ ਦਵਾਈਆਂ ਬਾਹਰ ਤੋਂ ਖਰੀਦਣੀਆਂ ਹੋਣਗੀਆਂ, ਉਨ੍ਹਾਂ ਲਈ ਸੀਨੀਅਰ ਮੈਡੀਕਲ ਅਫਸਰਾਂ ਨੂੰ ਨਿਰਦੇਸ਼ ਦੇ ਦਿੱਤੇ ਗਏ ਹਨ। ਅਲਟ੍ਰਾਸਾਊਡ ਅਤੇ ਹੋਰ ਮਹਿੰਗੇ ਟੈਸਟ ਹੁਣ ਸਰਕਾਰੀ ਹਸਪਤਾਲ ਵਿਚ ਹੋਣਗੇ। ਜੇਕਰ ਉਥੇ ਮਸੀਨਰੀ ਜਾ ਸਾਧਨ ਉਪਲੱਬਧ ਨਹੀਂ ਹੋਣਗੇ ਤਾਂ ਸਰਕਾਰੀ ਹਸਪਤਾਲ ਤੋਂ ਮਿਲੀ ਪਰਚੀ ਨਾਲ ਇੰਮਪੈਨਲਡ ਸਕੈਨ ਸੈਂਟਰਾ ਤੋ ਇਹ ਟੈਸਟ ਹੋਣਗੇ, ਜਿਸ ਦੀ ਅਦਾਇਗੀ ਪੰਜਾਬ ਸਰਕਾਰ ਵੱਲੋਂ ਕੀਤੀ ਜਾਵੇਗੀ।
ਹਰਜੋਤ ਬੈਂਸ ਨੇ ਦੱਸਿਆ ਕਿ ਸਾਡੇ ਹਲਕੇ ਵਿੱਚ 10 ਆਮ ਆਦਮੀ ਕਲੀਨਿਕ ਹਨ, ਹਰ ਕਲੀਨਿਕ ਵਿਚ ਰੋਜ਼ਾਨਾ 100 ਤੋ ਵੱਧ ਮਰੀਜ਼ ਆਉਦੇ ਹਨ, ਜੋ ਮੁਫਤ ਦਵਾਈ, ਇਲਾਜ ਤੇ ਟੈਸਟ ਦੀ ਸਹੂਲਤ ਲੈ ਰਹੇ ਹਨ। ਇਸ ਮੌਕੇ ਸਿੱਖਿਆ ਮੰਤਰੀ ਨੇ ਬਿਭੋਰ ਸਾਹਿਬ ਵਿੱਚ ਸ਼ੁੱਧ ਪਾਣੀ ਦੇਣ ਲਈ 35 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਟਿਊਬਵੈੱਲ ਦੇ ਬੋਰ ਦੇ ਕੰਮ ਦੀ ਵੀ ਸ਼ੁਰੂਆਤ ਕੀਤੀ।