ਪੰਜਾਬ ਦੇ 16 ਜ਼ਿਲ੍ਹਿਆਂ ‘ਚ ਹੀਟ ਵੇਵ ਦਾ ਰੈੱਡ ਅਲਰਟ: ਸਮਰਾਲਾ ਸਭ ਤੋਂ ਗਰਮ, ਤਾਪਮਾਨ 47.2 ਡਿਗਰੀ ਤੋਂ ਪਾਰ

ਡੈਸਕ- ਪੰਜਾਬ ਦੇ ਲੋਕਾਂ ਨੂੰ ਇਸ ਹਫਤੇ ਵੀ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਕੱਲ੍ਹ ਤੋਂ ਵੀ ਇੱਥੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਅੱਜ ਸੂਬੇ ਦੇ 16 ਜ਼ਿਲ੍ਹਿਆਂ ਵਿੱਚ ਰੈੱਡ ਹੀਟ ਅਲਰਟ ਜਾਰੀ ਕੀਤਾ ਗਿਆ ਹੈ ਅਤੇ 7 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਕੱਲ੍ਹ ਦੇ ਮੁਕਾਬਲੇ 0.6 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਨ੍ਹਾਂ ਦਿਨਾਂ ਸੂਬੇ ‘ਚ ਤਾਪਮਾਨ ਆਮ ਦਿਨਾਂ ਨਾਲੋਂ 7.2 ਡਿਗਰੀ ਵੱਧ ਹੈ। ਸਮਰਾਲਾ ਸਭ ਤੋਂ ਗਰਮ ਰਿਹਾ। ਉੱਥੇ ਤਾਪਮਾਨ 47.2 ਡਿਗਰੀ ਦਰਜ ਕੀਤਾ ਗਿਆ। ਹਾਲਾਂਕਿ ਜੂਨ ‘ਚ ਆਮ ਨਾਲੋਂ 87 ਫੀਸਦੀ ਘੱਟ ਬਾਰਿਸ਼ ਦਰਜ ਕੀਤੀ ਗਈ ਹੈ। 1 ਜੂਨ ਤੋਂ 16 ਜੂਨ ਤੱਕ 2.3 ਮਿਲੀਮੀਟਰ ਬਾਰਿਸ਼ ਹੋਈ ਹੈ।

ਤਾਪਮਾਨ ਨੂੰ ਦੇਖਦੇ ਹੋਏ ਚੰਡੀਗੜ੍ਹ ‘ਚ ਮੌਸਮ ਵਿਭਾਗ ਨੇ ਅੱਜ ਰੈੱਡ ਅਲਰਟ ਜਾਰੀ ਕੀਤਾ ਹੈ। ਅੱਗੇ ਵੀ ਹੀਟਵੇਵ ਅਲਰਟ ਹੈ। ਪਰ 20 ਜੂਨ ਨੂੰ ਪ੍ਰੀ-ਮਾਨਸੂਨ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਤਾਪਮਾਨ ‘ਚ ਕੁਝ ਗਿਰਾਵਟ ਆਵੇਗੀ। ਫਿਲਹਾਲ ਤਾਪਮਾਨ 44 ਡਿਗਰੀ ਸੈਲਸੀਅਸ ਤੋਂ ਉੱਪਰ ਹੈ। ਇਸ ਕਾਰਨ ਹਵਾ ਵਿੱਚ ਨਮੀ ਵੱਧ ਤੋਂ ਵੱਧ 47% ਅਤੇ ਘੱਟ ਤੋਂ ਘੱਟ 20% ਹੈ। ਜਿਸ ਕਾਰਨ ਗਰਮੀ ਜ਼ਿਆਦਾ ਮਹਿਸੂਸ ਕੀਤੀ ਜਾ ਰਹੀ ਹੈ। ਮੀਂਹ ਤੋਂ ਬਾਅਦ ਨਮੀ ਵਧੇਗੀ ਅਤੇ ਲੋਕਾਂ ਨੂੰ ਕੁਝ ਰਾਹਤ ਮਿਲੇਗੀ।

ਮੌਸਮ ਵਿਭਾਗ ਅਨੁਸਾਰ ਬੀਤੀ ਰਾਤ ਦਾ ਘੱਟੋ-ਘੱਟ ਤਾਪਮਾਨ 31.3 ਡਿਗਰੀ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ 5 ਡਿਗਰੀ ਵੱਧ ਹੈ। ਇਹ ਜੂਨ ਮਹੀਨੇ ਦਾ ਹੁਣ ਤੱਕ ਦਾ ਸਭ ਤੋਂ ਵੱਧ ਘੱਟੋ-ਘੱਟ ਤਾਪਮਾਨ ਰਿਹਾ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਕੁਝ ਦਿਨਾਂ ‘ਚ ਰਾਤ ਦਾ ਤਾਪਮਾਨ 32 ਤੋਂ 33 ਡਿਗਰੀ ਤੱਕ ਥੋੜ੍ਹਾ ਵੱਧ ਸਕਦਾ ਹੈ। ਜੇਕਰ ਪ੍ਰੀ-ਮੌਨਸੂਨ ਬਾਰਸ਼ ਆਉਂਦੀ ਹੈ ਤਾਂ ਇਸ ਤਾਪਮਾਨ ‘ਚ ਮਾਮੂਲੀ ਗਿਰਾਵਟ ਦੇਖਣ ਨੂੰ ਮਿਲੇਗੀ। ਪਰ ਉਦੋਂ ਤੱਕ ਕਿਸੇ ਤਰ੍ਹਾਂ ਦੀ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ।