ਡੈਸਕ- ਪੰਜਾਬ ਦੇ ਹੁਸ਼ਿਆਰਪੁਰ ‘ਚ ਐਤਵਾਰ ਸਵੇਰੇ ਗੜ੍ਹਸ਼ੰਕਰ ਤਹਿਸੀਲ ਦੇ ਪਹਾੜੀ ਪਿੰਡ ਜੇਜੋਂ ਦੀ ਖੱਡ ਵਿੱਚ ਆਏ ਮੀਂਹ ਦੇ ਪਾਣੀ ਵਿਚ ਹਿਮਾਚਲ ਪ੍ਰਦੇਸ਼ ਦੇ ਦੇਹਰਾ ਪਿੰਡ ਤੋਂ ਵਿਆਹ ‘ਚ ਜਾ ਰਹੇ ਬਰਾਤੀਆਂ ਦੀ ਇਨੋਵਾ ਗੱਡੀ ਰੁੜ੍ਹ ਗਈ। ਉਕਤ ਗੱਡੀ ਵਿਚ ਕਰੀਬ 11 ਲੋਕ ਸਵਾਰ ਸਨ, ਜਿਨ੍ਹਾਂ ਵਿਚੋਂ 6 ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਅਤੇ 4 ਦੀ ਭਾਲ ਜਾਰੀ ਹੈ। ਇਸ ਦੇ ਨਾਲ ਹੀ ਇਕ ਵਿਅਕਤੀ ਨੂੰ ਉਥੇ ਖੜ੍ਹੇ ਲੋਕਾਂ ਵੱਲੋਂ ਬਚਾ ਲਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਪਿੰਡ ਜੇਜੋਂ ਦੇ ਮਨੋਜ ਕੁਮਾਰ, ਰੋਹਿਤ ਜੈਨ, ਸਚਿਨ ਕੁਮਾਰ, ਸ਼ਿਵਮ ਪ੍ਰਜਾਤਿਆ, ਦੀਪਕ ਸ਼ਰਮਾ, ਪਰਮਜੀਤ ਉਰਫ਼ ਪੰਮੀ ਨੇ ਦੱਸਿਆ ਕਿ ਕਰੀਬ ਸਾਢੇ ਦੱਸ ਵੱਜੇ ਇਕ ਹਿਮਾਚਲ ਪ੍ਰਦੇਸ਼ ਨੰਬਰ ਇਨੋਵਾ ਗੱਡੀ, ਜਿਸ ਵਿੱਚ ਕਰੀਬ 10-11 ਲੋਕ ਸਵਾਰ ਸਨ, ਉਹ ਖੱਡ ਦੇ ਪਾਣੀ ਵਿੱਚ ਡਿੱਗ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਹਿੰਮਤ ਕਰਕੇ ਗੱਡੀ ਵਿੱਚ ਫਸੇ ਇਕ ਵਿਅਕਤੀ ਨੂੰ ਬਾਹਰ ਕੱਢਿਆ ਜਦੋਂਕਿ ਬਾਕੀ ਪਾਣੀ ਵਿਚ ਰੁੜ੍ਹ ਗਏ।
ਇਸ ਦੌਰਾਨ ਗੱਡੀ ਵਿਚੋਂ ਕੱਢੇ ਵਿਅਕਤੀ ਦੀਪਕ ਭਾਟੀਆ ਪੁੱਤਰ ਸੁਰਜੀਤ ਭਾਟੀਆ ਵਾਸੀ ਦੇਹਰਾ, ਨੇੜੇ ਮਹਿਤਪੁਰ ਜ਼ਿਲ੍ਹਾ ਊਨਾ ਹਿਮਚਲ ਪ੍ਰਦੇਸ਼ ਨੇ ਦੱਸਿਆ ਕਿ ਉਹ ਕਿਰਾਏ ਦੀ ਗੱਡੀ ਕਰਕੇ ਨਵਾਂਸ਼ਹਿਰ ਵਿਖੇ ਵਿਆਹ ਵਿੱਚ ਸ਼ਾਮਲ ਹੋਣ ਜਾ ਰਹੇ ਸਨ। ਇਸ ਗੱਡੀ ਵਿੱਚ ਉਸ ਦਾ ਪਿਤਾ ਸੁਰਜੀਤ ਸਿੰਘ, ਮਾਂ ਪਰਮਜੀਤ ਕੌਰ, ਚਾਚਾ ਸਰੂਪ ਚੰਦ, ਚਾਚੀ ਬਿੰਦਰ, ਮਾਸੀ ਸ਼ਨੂੰ, ਭਾਵਨਾ 19, ਅੰਕੂ 20, ਹਰਸ਼ਿਤ 12 ਅਤੇ ਡ੍ਰਾਈਵਰ ਸਨ। ਦੱਸਿਆ ਜਾ ਰਿਹਾ ਕਿ ਸਾਰੇ ਇਕੋ ਹੀ ਪਰਿਵਾਰ ਮੈਂਬਰ ਸਨ।