ਡੈਸਕ- ਪੰਜਾਬ ਦੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਹੋਲਾ ਮਹੱਲਾ ਦੀਆਂ ਤਿਆਰੀਆਂ ਚਲ ਰਹੀਆਂ ਹਨ, ਇਸ ਵਿਚਾਲੇ ਇੱਕ ਦੁਖਦਾਈ ਘਟਨਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਨਾਲਾਗੜ੍ਹ ਦੇ ਚੰਗਰ ਇਲਾਕੇ ਵਿੱਚ ਪੰਚਾਇਤ ਵੱਲੋਂ ਆਨੰਦਪੁਰ ਸਾਹਿਬ ਨੂੰ ਜਾ ਰਹੇ ਨਗਰ ਕੀਰਤਨ ਨੂੰ ਲੈ ਕੇ ਜਾ ਰਿਹਾ ਇੱਕ ਟ੍ਰੈਕਟਰ ਪਲਟ ਗਈ। ਇਸ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਦੂਜਾ ਜ਼ਖ਼ਮੀ ਹੋ ਗਿਆ।
ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਨਗਰ ਕੀਰਤਨ ਨਾਲਾਗੜ੍ਹ ਖੇਤਰ ਦੇ ਜੋਘੋਂ ਤੋਂ ਹੋਲਾ ਮੁਹੱਲਾ ਆਨੰਦਪੁਰ ਸਾਹਿਬ ਵੱਲ ਜਾ ਰਿਹਾ ਸੀ, ਜਿਸ ਵਿਚ ਇਲਾਕੇ ਦੀਆਂ ਸਮੂਹ ਪੰਚਾਇਤਾਂ ਦੇ ਨੌਜਵਾਨ ਭਾਗ ਲੈ ਰਹੇ ਸਨ। ਨੌਜਵਾਨ ਟ੍ਰੈਕਟਰ ‘ਤੇ ਸਵਾਰ ਸਨ। ਇਸ ਦੌਰਾਨ ਨੌਜਵਾਨ ਟ੍ਰੈਕਟਰ ‘ਤੇ ਸਟੰਟ ਕਰ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਸਟੰਟ ਦੌਰਾਨ ਬੇਰਛਾ ਪੰਚਾਇਤ ‘ਚ ਇੱਕ ਟ੍ਰੈਕਟਰ ਪਲਟ ਗਿਆ। ਟ੍ਰੈਕਟਰ ‘ਤੇ ਦਰਜਨਾਂ ਲੋਕ ਸਵਾਰ ਸਨ।
ਇਸ ਵਿੱਚ ਦੋ ਨੌਜਵਾਨ ਟ੍ਰੈਕਟਰ ਦੀ ਲਪੇਟ ਵਿੱਚ ਆ ਗਏ, ਜਿਨ੍ਹਾਂ ਵਿੱਚੋਂ ਇੱਕ ਸੂਰਜ (19) ਪੁੱਤਰ ਅਵਤਾਰ ਸਿੰਘ ਵਾਸੀ ਬਗਲੇਹਾਰ ਪੰਚਾਇਤ ਅਤੇ ਦੂਸਰਾ ਪਿੰਡ ਗੁੱਲਰਵਾਲਾ ਪੰਚਾਇਤ ਦਾ ਨੌਜਵਾਨ ਸੀ। ਇਸ ਤੋਂ ਬਾਅਦ ਦੋਵਾਂ ਜਖਮੀਆਂ ਨੂੰ ਏਮਜ਼ ਬਿਲਾਸਪੁਰ ਲਿਜਾਇਆ ਗਿਆ ਪਰ ਬਗਲੈਹਾਰ ਪੰਚਾਇਤ ਦੇ ਸੂਰਜ ਦੀ ਰਸਤੇ ਵਿਚ ਹੀ ਮੌਤ ਹੋ ਗਈ, ਜਦੋਂਕਿ ਇੱਕ ਹੋਰ ਨੌਜਵਾਨ ਵਾਸੀ ਗੁੱਲਰਵਾਲਾ ਪੰਚਾਇਤ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ।
ਪੰਚਾਇਤ ਮੁਖੀ ਪੁਨੀਤ ਕੌਸ਼ਲ ਨੇ ਨੌਜਵਾਨ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਸ ਨੇ ਦੱਸਿਆ ਕਿ ਸੂਰਜ ਫੌਜ ਵਿਚ ਭਰਤੀ ਹੋ ਗਿਆ ਸੀ ਅਤੇ ਉਸ ਨੇ 23 ਅਪ੍ਰੈਲ ਨੂੰ ਨੌਕਰੀ ਜੁਆਇਨ ਕਰਨੀ ਸੀ। ਲੋਕਾਂ ਵੱਲੋਂ ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਦਿਆਂ ਹੀ ਪੁਲਿਸ ਅਧਿਕਾਰੀ ਬਿਲਾਸਪੁਰ ਲਈ ਰਵਾਨਾ ਹੋ ਗਏ। ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।