ਕੈਨੇਡਾ ’ਚ ਦਸਤਕ ਦੇ ਸਕਦਾ ਹੈ ਚੱਕਰਵਾਤ ‘ਲੀ’

Halifax- ਕੈਨੇਡੀਅਨ ਹਰੀਕੇਨ ਸੈਂਟਰ ਦਾ ਕਹਿਣਾ ਹੈ ਕਿ ਸਮੁੰਦਰੀ ਚੱਕਰਵਾਤ ‘ਲੀ’ ਇਸ ਹਫ਼ਤੇ ਦੇ ਅੰਤ ’ਚ ਅਮਰੀਕਾ ਦੇ ਸੂਬੇ ਮੇਨ ਤੋਂ ਕੈਨੇਡਾ ’ਚ ਦਸਤਕ ਦੇ ਸਕਦਾ ਹੈ। ਇਸ ਕਾਰਨ ਨੋਵਾ ਸਕੋਸ਼ੀਆ ’ਚ ਤੂਫ਼ਾਨ ਦੀ ਭਵਿੱਖਬਾਣੀ ਕੀਤੀ ਗਈ ਹੈ। ਹੈਲੀਫੈਕਸ ’ਚ ਸਥਿਤ ਇਸ ਸੈਂਟਰ ਦਾ ਕਹਿਣਾ ਹੈ ਕਿ ਲੀ ਚੱਕਰਵਾਤ ਸੰਭਾਵਿਤ ਤੌਰ ‘ਤੇ ਅਟਲਾਂਟਿਕ ਖੇਤਰ ’ਚ ਇੱਕ ਕਮਜ਼ੋਰ ਚੱਕਰਵਾਤ ਜਾਂ ਮਜ਼ਬੂਤ ​​ਗਰਮ ਖੰਡੀ ਤੂਫ਼ਾਨ ਦੇ ਰੂਪ ’ਚ ਦਸਤਕ ਦੇ ਸਕਦਾ ਹੈ ਜਿਸ ਨਾਲ ਹਫ਼ਤੇ ਦੇ ਅਖੀਰ ’ਚ ਇਲਾਕੇ ’ਚ ਤੂਫ਼ਾਨ ਦੇ ਨਾਲ ਭਾਰੀ ਮੀਂਹ ਪੈ ਸਕਦਾ ਹੈ।
ਐਨਵਾਇਰਮੈਂਟ ਕੈਨੇਡਾ ਦੇ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਤੂਫ਼ਾਨ ਉੱਤਰ ਵੱਲ ਵਧ ਰਿਹਾ ਹੈ, ਇਹ ਆਕਾਰ ਵਿੱਚ ਵਧਦਾ ਜਾਵੇਗਾ ਪਰ ਇਸਦੇ ਹੋਰ ਮੌਸਮ ਪ੍ਰਣਾਲੀਆਂ ਨਾਲ ਮਿਲ ਕੇ ਤੀਬਰ ਹੋਣ ਦੀ ਉਮੀਦ ਨਹੀਂ ਹੈ। ‘ਲੀ’ ਸ਼ੁੱਕਰਵਾਰ ਸਵੇਰੇ ਅਟਲਾਂਟਿਕ ਮਹਾਂਸਾਗਰ ’ਚ ਸੀਜ਼ਨ ਦਾ ਪਹਿਲਾ 5 ਸ਼੍ਰੇਣੀ ਤੂਫ਼ਾਨ ਬਣ ਗਿਆ, ਜਿਸ ਦੀ ਵੱਧ ਤੋਂ ਵੱਧ ਰਫ਼ਤਾਰ 165 ਮੀਲ ਪ੍ਰਤੀ ਘੰਟਾ ਸੀ। ਇਸ ਮਗਰੋਂ ਇਹ ਜਿੰਨੀ ਤੇਜ਼ ਗਤੀ ਨਾਲ ਤੀਬਰ ਹੋਇਆ, ਉੱਨੀ ਹੀ ਤੇਜ਼ੀ ਨਾਲ ਕਮਜ਼ੋਰ ਵੀ ਹੋਇਆ ਅਤੇ ਹਫ਼ਤੇ ਦੇ ਅਖ਼ੀਰ ਤੱਕ ਇਸ ਨੇ ਪ੍ਰਮੁੱਖ ਤੂਫ਼ਾਨ ਦੀ ਸਥਿਤੀ ਪ੍ਰਾਪਤ ਕਰ ਲਈ।
ਮੰਗਲਵਾਰ ਦੁਪਹਿਰ ਤੱਕ, ਸ਼੍ਰੇਣੀ 3 ਦਾ ਚੱਕਰਵਾਤ ਲੀ ਬਰਮੂਡਾ ਤੋਂ ਲਗਭਗ 575 ਮੀਲ ਦੱਖਣ ਵੱਲ ਸੀ ਅਤੇ ਇਸ ਦੌਰਾਨ 7 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚਲ ਰਹੀਆਂ ਸਨ। ‘ਲੀ’ ਦੇ ਬੁੱਧਵਾਰ ਨੂੰ ਉੱਤਰ ਵੱਲ ਮੁੜਨ ਦੀ ਭਵਿੱਖਬਾਣੀ ਕੀਤੀ ਗਈ ਸੀ ਪਰ ਅਟਲਾਂਟਿਕ ਮਹਾਂਸਾਗਰ ਦੇ ਠੰਡੇ ਪਾਣੀ ਦੇ ਸੰਪਰਕ ਵਿਚ ਆਉਣ ‘ਤੇ ਸੰਭਾਵਤ ਤੌਰ ‘ਤੇ ਇਸਦੀ ਗਤੀ ਅਤੇ ਤੀਬਰਤਾ ਕੁਝ ਕਮਜ਼ੋਰ ਹੋ ਜਾਵੇਗੀ। ਪਰ ਲੀ ਦੇ ਕਮਜ਼ੋਰ ਤੂਫ਼ਾਨ ਹੋਣ ਦੇ ਬਾਵਜੂਦ ਇਲਾਕੇ ਵਿਚ ਜ਼ਬਰਦਸਤ ਝੱਖੜ ਅਤੇ ਤੇਜ਼ ਬਾਰਿਸ਼ਾਂ ਪੈ ਸਕਦੀਆਂ ਹਨ।