ਡੈਸਕ- ਭਾਰਤੀ ਹਵਾਈ ਸੈਨਾ (IAF) ਦੀ ਇੱਕ ਮਹਿਲਾ ਫਲਾਇੰਗ ਅਫਸਰ ਨੇ ਵਿੰਗ ਕਮਾਂਡਰ ਖਿਲਾਫ ਬਲਾਤਕਾਰ ਦਾ ਦੋਸ਼ ਲਗਾਉਂਦੇ ਹੋਏ ਪੁਲਸ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਦੇ ਆਧਾਰ ‘ਤੇ ਜੰਮੂ-ਕਸ਼ਮੀਰ ਦੇ ਬਡਗਾਮ ਪੁਲਸ ਸਟੇਸ਼ਨ ‘ਚ ਐਫਆਈਆਰ ਦਰਜ ਕੀਤੀ ਗਈ ਹੈ। ਦੋਵੇਂ ਅਧਿਕਾਰੀ ਸ੍ਰੀਨਗਰ ਵਿੱਚ ਹੀ ਤਾਇਨਾਤ ਹਨ। ਭਾਰਤੀ ਹਵਾਈ ਸੈਨਾ ਨੇ ਕਿਹਾ ਹੈ ਕਿ ਉਹ ਅਧਿਕਾਰੀਆਂ ਨਾਲ ਸਹਿਯੋਗ ਕਰ ਰਹੇ ਹਨ।
ਹਵਾਈ ਸੈਨਾ ਨੇ ਕਿਹਾ, “ਅਸੀਂ ਇਸ ਮਾਮਲੇ ਤੋਂ ਜਾਣੂ ਹਾਂ। ਸਥਾਨਕ ਪੁਲਸ ਸਟੇਸ਼ਨ ਬਡਗਾਮ ਨੇ ਇਸ ਮਾਮਲੇ ਨੂੰ ਲੈ ਕੇ ਸ਼੍ਰੀਨਗਰ ਵਿੱਚ ਭਾਰਤੀ ਹਵਾਈ ਸੈਨਾ ਨਾਲ ਸੰਪਰਕ ਕੀਤਾ ਹੈ ਅਤੇ ਅਸੀਂ ਸਥਾਨਕ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕਰ ਰਹੇ ਹਾਂ।” ਫਲਾਇੰਗ ਅਫਸਰ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਪਿਛਲੇ ਦੋ ਸਾਲਾਂ ਤੋਂ ਛੇੜਖਾਨੀ, ਜਿਨਸੀ ਸ਼ੋਸ਼ਣ ਅਤੇ ਮਾਨਸਿਕ ਤਸ਼ੱਦਦ ਦਾ ਸਾਹਮਣਾ ਕਰ ਰਹੀ ਹੈ।
ਆਪਣੀ ਸ਼ਿਕਾਇਤ ਵਿੱਚ, ਮਹਿਲਾ ਅਧਿਕਾਰੀ ਨੇ ਕਿਹਾ ਕਿ 31 ਦਸੰਬਰ, 2023 ਨੂੰ ਅਫਸਰਾਂ ਦੀ ਮੈਸ ਵਿੱਚ ਆਯੋਜਿਤ ਇੱਕ ਨਵੇਂ ਸਾਲ ਦੀ ਪਾਰਟੀ ਵਿੱਚ, ਉਸਦੇ ਸੀਨੀਅਰ ਨੇ ਪੁੱਛਿਆ ਕਿ ਕੀ ਉਸਨੂੰ ਕੋਈ ਤੋਹਫ਼ਾ ਮਿਲਿਆ ਹੈ। ਜਦੋਂ ਉਸਨੇ ਨਾ ਕਿਹਾ ਤਾਂ ਵਿੰਗ ਕਮਾਂਡਰ ਨੇ ਕਿਹਾ ਕਿ ਤੋਹਫ਼ੇ ਉਸਦੇ ਕਮਰੇ ਵਿੱਚ ਪਏ ਹਨ ਅਤੇ ਉਸਨੂੰ ਉਥੇ ਲੈ ਗਏ। ਜਦੋਂ ਮਹਿਲਾ ਅਧਿਕਾਰੀ ਨੇ ਪੁੱਛਿਆ ਕਿ ਉਸ ਦਾ ਪਰਿਵਾਰ ਕਿੱਥੇ ਹੈ ਤਾਂ ਉਸ ਨੇ ਕਿਹਾ ਕਿ ਉਹ ਕਿਤੇ ਹੋਰ ਹਨ।
ਫਲਾਇੰਗ ਅਫਸਰ ਨੇ ਦੋਸ਼ ਲਾਇਆ ਹੈ ਕਿ ਉਸ ਦੇ ਸੀਨੀਅਰ ਨੇ ਉਸ ਨੂੰ ਓਰਲ ਸੈਕਸ ਕਰਨ ਲਈ ਮਜਬੂਰ ਕੀਤਾ ਅਤੇ ਉਸ ਨਾਲ ਛੇੜਛਾੜ ਕੀਤੀ। ਪੀੜਤ ਨੇ ਕਿਹਾ, “ਮੈਂ ਉਸ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਵਾਰ-ਵਾਰ ਕਿਹਾ ਅਤੇ ਹਰ ਸੰਭਵ ਤਰੀਕੇ ਨਾਲ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ। ਆਖਰਕਾਰ ਮੈਂ ਉਸ ਨੂੰ ਧੱਕਾ ਦੇ ਕੇ ਉਥੋਂ ਭੱਜੀ। ਉਸ ਨੇ ਕਿਹਾ ਕਿ ਅਸੀਂ ਸ਼ੁੱਕਰਵਾਰ ਨੂੰ ਫਿਰ ਮਿਲਾਂਗੇ। ਜਦੋਂ ਉਸ ਦਾ ਪਰਿਵਾਰ ਚਲਾ ਜਾਵੇਗਾ।”