ਪਾਕਿਸਤਾਨ ਦੇ ਕਸਟਮ ਵਿਭਾਗ ਨੇ ਫੜੇ ਗ਼ੈਰ-ਕਾਨੂੰਨੀ ਨਸ਼ੇ ਆਦਿ ਸਾਮਾਨ ਨੂੰ ਵਾਹਗਾ ਸਰਹੱਦ ‘ਤੇ ਲਾਈ ਅੱਗ

ਅੰਮ੍ਰਿਤਸਰ : ਪਾਕਿਸਤਾਨੀ ਕਸਟਮ ਵਿਭਾਗ ਨੇ ਲਾਹੌਰ ਅਤੇ ਆਲੇ-ਦੁਆਲਿਓਂ ਫੜੇ ਗਏ ਗ਼ੈਰ- ਕਾਨੂੰਨੀ ਸਾਮਾਨ ਨੂੰ ਅੱਜ ਸਵੇਰੇ ਵਾਹਗਾ ਸਰਹੱਦ ‘ਤੇ ਅੱਗ ਲਾ ਕੇ ਨਸ਼ਟ ਕਰ ਦਿੱਤਾ। ਇਹ ਗ਼ੈਰ-ਕਾਨੂੰਨੀ ਚੀਜ਼ਾਂ ਨਸ਼ਟ ਕਰਨ ਸਮੇਂ ਅੱਗ ਦੀਆਂ ਲਪਟਾਂ ਦਾ ਧੂੰਆਂ ਭਾਰਤੀ ਪਿੰਡਾਂ ‘ਚ ਵੀ ਦਿਖਾਈ ਦਿੱਤਾ। ਅਟਾਰੀ ਸਰਹੱਦ ‘ਤੇ ਆਪਣੇ ਖੇਤਾਂ ਨੂੰ ਪਾਣੀ ਲਗਾ ਰਹੇ ਕੈਮੀ ਅਟਾਰੀ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਧੂੰਆਂ ਐਨਾ ਤੇਜ਼ ਸੀ ਕਿ ਭਾਰਤੀ ਸਰਹੱਦੀ ਪਿੰਡਾਂ ‘ਚ ਇਕਦਮ ਸਹਿਮ ਦੀ ਲਹਿਰ ਦੌੜ ਗਈ।

ਦਰਅਸਲ ਪਾਕਿਸਤਾਨ ਕਸਟਮ ਵਿਭਾਗ ਵੱਲੋਂ ਪਿਛਲੇ ਮਹੀਨਿਆਂ ਤੋਂ ਲਾਹੌਰ ਏਅਰਪੋਰਟ, ਰੇਲਵੇ ਸਟੇਸ਼ਨ ਲਾਹੌਰ, ਵਾਹਗਾ ਸਰਹੱਦ, ਵਾਹਗਾ ਰੇਲਵੇ ਸਟੇਸ਼ਨ ਤੋਂ ਇਲਾਵਾ ਲਾਹੌਰ ਦੇ ਆਸ-ਪਾਸ ਦੇ ਇਲਾਕਿਆਂ ਤੋਂ ਫੜੇ ਗਏ ਗ਼ੈਰ-ਕਾਨੂੰਨੀ ਸਾਮਾਨ ਨੂੰ ਅੱਜ ਵਾਹਗਾ ਪਾਕਿਸਤਾਨ ਵਾਲੀ ਸਾਈਡ ਵਿਖੇ ਨਸ਼ਟ ਕੀਤਾ ਗਿਆ। ਪਾਕਿਸਤਾਨ ਵਾਹਗਾ ਸਰਹੱਦ ਵਿਖੇ ਨਸ਼ਟ ਕੀਤੀਆਂ ਗਈਆਂ ਚੀਜ਼ਾਂ ‘ਚ ਸ਼ਰਾਬ ਦੀਆਂ ਬੋਤਲਾਂ, ਅਲਕੋਹਲ ਦੇ ਪਲਾਸਿਕ ਕੈਨ, ਸਮੈਕ, ਗਾਜ਼ਾ, ਅਫ਼ੀਮ ਆਦਿ ਸਾਮਾਨ ਨੂੰ ਨਸ਼ਟ ਕੀਤਾ ਗਿਆ ਹੈ। ਸਾਮਾਨ ਨਸ਼ਟ ਕਰਨ ਦੇ ਦੌਰਾਨ ਇਹ ਧੂੰਆਂ ਦੁਪਹਿਰ ਤਕ ਉੱਠਦਾ ਰਿਹਾ।