T20 World Cup: ਸੂਰਿਆਕੁਮਾਰ ਯਾਦਵ ਦੀ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਅਤੇ ਬਾਅਦ ‘ਚ ਜਸਪ੍ਰੀਤ ਬੁਮਰਾਹ ਅਤੇ ਅਰਸ਼ਦੀਪ ਸਿੰਘ ਦੀ ਤਿੱਖੀ ਗੇਂਦਬਾਜ਼ੀ ਦੇ ਦਮ ‘ਤੇ ਭਾਰਤ ਨੇ ਸੁਪਰ 8 ਦੇ ਪਹਿਲੇ ਮੈਚ ‘ਚ ਅਫਗਾਨਿਸਤਾਨ ਨੂੰ 47 ਦੌੜਾਂ ਨਾਲ ਹਰਾ ਦਿੱਤਾ। ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਭਾਰਤੀ ਟੀਮ ਨੇ 20 ਓਵਰਾਂ ਵਿੱਚ 181 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਭਾਰਤ ਦੀ ਸ਼ੁਰੂਆਤ ਕੁਝ ਖਾਸ ਨਹੀਂ ਰਹੀ ਪਰ ਸੂਰਿਆ ਨੇ 28 ਗੇਂਦਾਂ ‘ਤੇ 53 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਟੀਮ ਦੇ ਸਕੋਰ ਨੂੰ ਅੱਗੇ ਵਧਾਇਆ। ਉਪ ਕਪਤਾਨ ਹਾਰਦਿਕ ਪੰਡਯਾ ਨੇ ਉਸ ਨੂੰ ਪੂਰਾ ਸਹਿਯੋਗ ਦਿੱਤਾ। ਪੰਡਯਾ ਨੇ 24 ਗੇਂਦਾਂ ਵਿੱਚ 32 ਦੌੜਾਂ ਦੀ ਪਾਰੀ ਖੇਡੀ। ਗੇਂਦਬਾਜ਼ਾਂ ਨੇ ਬਾਅਦ ਵਾਲਾ ਕੰਮ ਪੂਰਾ ਕੀਤਾ। ਉਹਨਾਂ ਨੇ ਅਫਗਾਨਿਸਤਾਨ ਲਈ ਇਕ ਵੀ ਸਾਂਝੇਦਾਰੀ ਨੂੰ ਵਧਣ-ਫੁੱਲਣ ਨਹੀਂ ਦਿੱਤਾ।
ਵਿਰਾਟ ਕੋਹਲੀ ਨੇ 24 ਦੌੜਾਂ ਬਣਾਈਆਂ
ਪਹਿਲਾਂ ਬੱਲੇਬਾਜ਼ੀ ਕਰਨ ਆਈ ਟੀਮ ਇੰਡੀਆ ਨੂੰ ਪਹਿਲਾ ਝਟਕਾ ਕਪਤਾਨ ਰੋਹਿਤ ਸ਼ਰਮਾ ਦੇ ਰੂਪ ‘ਚ ਤੀਜੇ ਓਵਰ ‘ਚ ਹੀ ਲੱਗਾ, ਜਦੋਂ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਫਾਰੂਕੀ ਨੇ ਉਨ੍ਹਾਂ ਨੂੰ ਰਾਸ਼ਿਦ ਖਾਨ ਹੱਥੋਂ ਕੈਚ ਕਰਵਾ ਦਿੱਤਾ। ਇਸ ਤੋਂ ਬਾਅਦ ਵਿਰਾਟ ਕੋਹਲੀ ਅਤੇ ਰਿਸ਼ਭ ਪੰਤ ਨੇ ਪਾਰੀ ਨੂੰ ਅੱਗੇ ਲਿਜਾਣ ਦੀ ਜ਼ਿੰਮੇਵਾਰੀ ਲਈ, ਪਰ ਕੋਹਲੀ 24 ਦੌੜਾਂ ਬਣਾ ਕੇ ਆਊਟ ਹੋ ਗਏ। ਕੋਹਲੀ ਦੀ ਵਿਕਟ 9ਵੇਂ ਓਵਰ ਵਿੱਚ ਡਿੱਗੀ। ਉਸ ਨੂੰ ਰਾਸ਼ਿਦ ਖਾਨ ਨੇ ਆਊਟ ਕੀਤਾ। ਇਸ ਤੋਂ ਬਾਅਦ ਸੂਰਿਆ ਕ੍ਰੀਜ਼ ‘ਤੇ ਆਇਆ। ਉਸ ਨੇ ਤੇਜ਼ ਖੇਡਣਾ ਸ਼ੁਰੂ ਕੀਤਾ ਅਤੇ ਪੰਤ ਨੇ ਵੀ ਇਕ ਸਿਰੇ ਤੋਂ ਕਈ ਵੱਡੇ ਸ਼ਾਟ ਦਿਖਾਏ।
ਸ਼ਿਵਮ ਦੂਬੇ ਫਿਰ ਹੋਏ ਫੇਲ
4 ਚੌਕਿਆਂ ਦੀ ਮਦਦ ਨਾਲ ਪੰਤ ਨੇ 20 ਦੌੜਾਂ ਬਣਾਈਆਂ ਸਨ ਜਦੋਂ ਰਾਸ਼ਿਦ ਖਾਨ ਨੇ ਉਨ੍ਹਾਂ ਨੂੰ ਐੱਲ.ਬੀ.ਡਬਲਯੂ ਆਊਟ ਕੀਤਾ। ਪੰਤ ਨੇ 11 ਗੇਂਦਾਂ ਦਾ ਸਾਹਮਣਾ ਕੀਤਾ। ਇਸ ਤੋਂ ਬਾਅਦ ਸ਼ਿਵਮ ਦੂਬੇ ਸੂਰਿਆ ਦਾ ਸਾਥ ਦੇਣ ਆਏ ਪਰ ਉਹ ਇਕ ਵਾਰ ਫਿਰ ਨਾਕਾਮ ਰਹੇ ਅਤੇ 7 ਦੌੜਾਂ ‘ਤੇ 10 ਦੌੜਾਂ ਬਣਾ ਕੇ ਆਊਟ ਹੋ ਗਏ। ਹਾਰਦਿਕ ਪੰਡਯਾ ਨੇ ਬਹਾਦਰੀ ਦਿਖਾਉਂਦੇ ਹੋਏ ਟੀਮ ਦਾ ਸਕੋਰ ਅੱਗੇ ਵਧਾਇਆ। ਪੰਡਯਾ 18ਵੇਂ ਓਵਰ ‘ਚ 32 ਦੇ ਸਕੋਰ ‘ਤੇ ਆਊਟ ਹੋ ਗਏ। ਜਡੇਜਾ 5 ਗੇਂਦਾਂ ‘ਤੇ 7 ਦੌੜਾਂ ਹੀ ਬਣਾ ਸਕਿਆ। ਅਕਸ਼ਰ ਪਟੇਲ ਨੇ 6 ਗੇਂਦਾਂ ‘ਤੇ 12 ਦੌੜਾਂ ਜੋੜੀਆਂ। ਟੀਮ ਨੇ 20 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ 181 ਦੌੜਾਂ ਬਣਾਈਆਂ।
ਅਫਗਾਨਿਸਤਾਨ 134 ਦੌੜਾਂ ‘ਤੇ ਸਿਮਟ ਗਿਆ
182 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਜਸਪ੍ਰੀਤ ਬੁਮਰਾਹ ਨੇ ਦੂਜੇ ਹੀ ਓਵਰ ‘ਚ ਅਫਗਾਨਿਸਤਾਨ ਨੂੰ ਪਹਿਲਾ ਝਟਕਾ ਦਿੱਤਾ। ਉਸ ਨੇ ਰਹਿਮਾਨੁੱਲਾ ਗੁਰਬਾਜ਼ ਨੂੰ ਪੰਤ ਦੇ ਹੱਥੋਂ ਕੈਚ ਕਰਵਾਇਆ। ਇਸ ਤੋਂ ਬਾਅਦ ਅਫਗਾਨਿਸਤਾਨ ਨੂੰ ਲਗਾਤਾਰ ਝਟਕਿਆਂ ਦਾ ਸਾਹਮਣਾ ਕਰਨਾ ਪਿਆ। ਇਬਰਾਹਿਮ ਜ਼ਦਰਾਨ ਨੂੰ ਚੌਥੇ ਓਵਰ ਵਿੱਚ ਅਕਸ਼ਰ ਪਟੇਲ ਨੇ ਆਊਟ ਕੀਤਾ। ਪਾਵਰ ਪਲੇਅ ‘ਚ ਹੀ ਬੁਮਰਾਹ ਨੇ ਹਜ਼ਮਤੁੱਲਾ ਜ਼ਜ਼ਈ ਨੂੰ ਆਊਟ ਕਰਕੇ ਟੀਮ ਨੂੰ ਵੱਡਾ ਝਟਕਾ ਦਿੱਤਾ। ਇਸ ਤੋਂ ਬਾਅਦ ਕੋਈ ਵੀ ਬੱਲੇਬਾਜ਼ ਵੱਡੀ ਪਾਰੀ ਨਹੀਂ ਖੇਡ ਸਕਿਆ। ਅਜ਼ਮਤੁੱਲਾ ਉਮਰਜ਼ਈ ਨੇ ਸਭ ਤੋਂ ਵੱਧ 26 ਦੌੜਾਂ ਬਣਾਈਆਂ, ਜਿਨ੍ਹਾਂ ਨੂੰ ਜਡੇਜਾ ਨੇ ਆਊਟ ਕੀਤਾ। ਅਰਸ਼ਦੀਪ ਨੇ ਆਖਰੀ ਗੇਂਦ ‘ਤੇ ਅਫਗਾਨਿਸਤਾਨ ਦੀ ਆਖਰੀ ਵਿਕਟ ਵੀ ਲਈ ਅਤੇ ਟੀਮ 134 ਦੇ ਸਕੋਰ ‘ਤੇ ਢਹਿ ਗਈ।