ਆਮਦਨ ਕਰ ਵਿਭਾਗ ਵੱਲੋਂ ਵਿਧਾਇਕ ਤੇ ਕਲੋਨਾਈਜ਼ਰਾਂ ਦੇ ਘਰਾਂ ‘ਤੇ ਛਾਪੇਮਾਰੀ

ਲੁਧਿਆਣਾ : ਅੱਜ ਸਵੇਰ ਤੋਂ ਆਮਦਨ ਕਰ ਟੀਮ ਵੱਲੋਂ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੇ ਮੰਡੀ ਮੁੱਲਾਂਪੁਰ ਦਫ਼ਤਰ, ਗੋਲਫ ਲਿੰਕ ਅਤੇ ਵਿਧਾਇਕ ਇਆਲੀ ਦੇ ਘਰ ਭਾਰੀ ਫੋਰਸ ਜਾਣੀ ਸੀ.ਆਰ.ਪੀ ਐੱਫ ਨੂੰ ਨਾਲ ਲੈ ਕੇ ਛਾਪੇਮਾਰੀ ਕੀਤੀ।

ਇਹ ਛਾਪਾ ਸਵੇਰੇ 6 ਵਜੇ ਦੇ ਕਰੀਬ ਮਾਰਿਆਂ ਗਿਆ ਅਤੇ ਇਨਕਮ ਟੈਕਸ ਵਿਭਾਗ ਦੇ 60 ਤੋਂ 70 ਅਧਿਕਾਰੀ ਘਰ ਦੇ ਅੰਦਰ ਮੌਜੂਦ ਹਨ। ਕਿਸੇ ਨੂੰ ਵੀ ਘਰ ਦੇ ਅੰਦਰ ਜਾਂ ਬਾਹਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।

ਇਸ ਤੋਂ ਇਲਾਵਾ ਆਮਦਨ ਕਰ ਵਿਭਾਗ ਵੱਲੋਂ ਅੱਜ ਮਹਾਨਗਰ ਦੇ ਕਲੋਨਾਈਜ਼ਰਾਂ ਦੇ ਟਿਕਾਣਿਆਂ ‘ਤੇ ਦਸਤਕ ਦਿੱਤੀ ਗਈ ਹੈ। ਵਿਭਾਗ ਦੀ ਟੀਮ ਵੱਲੋਂ ਅੱਜ ਸਵੇਰ ਤੋਂ ਕਲੋਨਾਈਜ਼ਰਾਂ ਦੇ ਘਰਾਂ ਤੇ ਹੋਰ ਟਿਕਾਣਿਆਂ ‘ਤੇ ਛਾਪੇਮਾਰੀ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।

ਵਿਭਾਗ ਵੱਲੋਂ ਛਾਪੇਮਾਰੀ ਮੁਹਿੰਮ ਸ਼ੁਰੂ ਕਰਨ ਲਈ ਅੱਜ ਤੜਕੇ ਤੋਂ ਹੀ ਵੱਖ-ਵੱਖ ਟੀਮਾਂ ਨੂੰ ਆਮਦਨ ਕਰ ਵਿਭਾਗ ਲੁਧਿਆਣਾ ਦਫ਼ਤਰ ਵਿਖੇ ਇਕੱਠੇ ਕਰ ਲਿਆ ਗਿਆ ਸੀ। ਆਮਦਨ ਕਰ ਵਿਭਾਗ ਵਲੋਂ ਇਹ ਕਾਰਵਾਈ ਕਈ ਕਾਲੋਨੀਆਂ ਵਿਚ ਪਲਾਟਾਂ ਦੇ ਭਾਅ ਅਸਮਾਨੀ ਚੜ੍ਹਨ ਕਰ ਕੇ ਕੀਤੀ ਗਈ ਹੈ।

ਟੀਵੀ ਪੰਜਾਬ ਬਿਊਰੋ