ਨਵੀਂ ਦਿੱਲੀ- ਮੀਡੀਆ ਜਗਤ ਦੇ ਪ੍ਰਭਾਵਸ਼ਾਲੀ ਗਰੁੱਪ ਦੈਨਿਕ ਭਾਸਕਰ ਦੇ ਵੱਖ-ਵੱਖ ਸ਼ਹਿਰਾਂ ‘ਚ ਸਥਿਤ ਦਫ਼ਤਰਾਂ ‘ਤੇ ਵੀਰਵਾਰ ਨੂੰ ਇਨਕਮ ਟੈਕਸ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਗਈ। ਸੂਤਰਾਂ ਮੁਤਾਬਕ ਦੈਨਿਕ ਭਾਸਕਰ ਸਮੂਹ ਦੇ ਮੁੰਬਈ, ਦਿੱਲੀ, ਭੋਪਾਲ, ਇੰਦੌਰ, ਜੈਪੁਰ, ਕੋਰਬਾ, ਨੋਇਡਾ ਤੇ ਅਹਿਮਦਾਬਾਦ ਸਥਿਤ ਦਫ਼ਤਰਾਂ ‘ਤੇ ਇਨਕਮ ਟੈਕਸ ਅਧਿਕਾਰੀਆਂ ਨੇ ਛਾਪੇ ਮਾਰੇ।
ਇਸ ਕਾਰਵਾਈ ਤੋਂ ਬਾਅਦ ਵਿਰੋਧੀ ਪਾਰਟੀਆਂ ਸਰਕਾਰ ‘ਤੇ ਕਾਫ਼ੀ ਹਮਲਾਵਰ ਨਜ਼ਰ ਆਈਆਂ। ਟਵੀਟਾਂ ਦੇ ਨਾਲ-ਨਾਲ ਸੰਸਦ ਤਕ ‘ਚ ਭਾਸਕਰ ਸਮੂਹ ‘ਤੇ ਛਾਪੇਮਾਰੀ ਦੇ ਵਿਰੋਧ ‘ਚ ਹੱਲਾ ਹੋਇਆ।
ਇਸ ਮਾਮਲੇ ‘ਚ ਸਰਕਾਰ ਤੋਂ ਪੁੱਛੇ ਜਾਣ ‘ਤੇ ਕੇਂਦਰੀ ਸੂਚਨਾ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਏਜੰਸੀ ਆਪਣਾ ਕੰਮ ਕਰਦੀ ਹੈ। ਇਸ ‘ਚ ਸਾਡਾ ਕੋਈ ਦਖ਼ਲ ਨਹੀਂ ਹੁੰਦਾ। ਪੂੁਰੀ ਜਾਣਕਾਰੀ ਜ਼ਰੂਰ ਲੈਣੀ ਚਾਹੀਦੀ ਹੈ। ਕਈ ਵਾਰ ਜਾਣਕਾਰੀ ਦੀ ਕਮੀ ‘ਚ ਬਹੁਤ ਸਾਰੇ ਅਜਿਹੇ ਵਿਸ਼ੇ ਹੁੰਦੇ ਹਨ ਜੋ ਸੱਚ ਤੋਂ ਪਰ੍ਹੇ ਹੁੰਦੇ ਹਨ। ਕਾਂਗਰਸ ਦੇ ਬੁਲਾਰੇ ਅਭਿਸ਼ੇਕ ਮਨੁ ਸਿੰਘਵੀ ਨੇ ਜਿੱਥੇ ਛਾਪੇ ਨੂੰ ਮੀਡੀਆ ਦਾ ਗਲ਼ਾ ਦਬਾਉਣ ਦੀ ਕੋਸ਼ਿਸ਼ ਦੱਸਿਆ ਉੱਥੇ ਸਰਕਾਰੀ ਸੂਤਰਾਂ ਦਾ ਦਾਅਵਾ ਹੈ ਕਿ ਏਜੰਸੀ ਨੇ ਵੱਖ-ਵੱਖ ਵਿਭਾਗਾਂ ਦੇ ਡਾਟਾਬੇਸ ਦਾ ਅਧਿਐਨ ਕਰਨ ਤੇ ਬੈਂਕਿੰਗ ਤੇ ਦੂਜੀ ਖ਼ਾਸ ਇਨਕੁਆਇਰੀ ਤੋਂ ਬਾਅਦ ਛਾਪੇ ਮਾਰੇ ਹਨ ।