ਭਾਰਤ ਅਤੇ ਕੈਨੇਡਾ ਵਿਚਾਲੇ ਕਦੋਂ ਠੀਕ ਹੋਣਗੇ ਰਿਸ਼ਤੇ, ਵੀਜ਼ਾ ਪਾਬੰਦੀਆਂ ’ਚ ਢਿੱਲ ਦੇ ਬਾਵਜੂਦ ਵੀ ਤਣਾਅ ਬਰਕਰਾਰ

Ottawa- ਹਾਲ ਹੀ ’ਚ ਭਾਰਤ ਵਲੋਂ ਕੈਨੇਡਾ ਲਈ ਕੁਝ ਸ਼੍ਰੇਣੀਆਂ ’ਚ ਵੀਜ਼ਾ ਮੁੜ ਜਾਰੀ ਕਰਨ ਦਾ ਹੁਕਮ ਦਿੱਤਾ ਗਿਆ ਹੈ ਪਰ ਇਸ ਤੋਂ ਬਾਅਦ ਵੀ ਮੰਨਿਆ ਜਾ ਰਿਹਾ ਹੈ ਕਿ ਦੋਹਾਂ ਦੇਸ਼ਾਂ ਦੇ ਰਿਸ਼ਤੇ ਤਣਾਅਪੂਰਨ ਬਣੇ ਹੋਏ ਹਨ। ਅਧਿਕਾਰੀਆਂ ਅਤੇ ਮਾਹਰਾਂ ਮੁਤਾਬਕ ਕੈਨੇਡੀਅਨ ਨਾਗਰਿਕਾਂ ’ਤੇ ਕੁਝ ਵੀਜ਼ਾ ਪਾਬੰਦੀਆਂ ਨੂੰ ਸੌਖਾ ਕਰਨ ਦਾ ਭਾਰਤ ਦਾ ਫੈਸਲਾ ਹੈਰਾਨੀਜਨਕ ਕਦਮ ਸੀ ਪਰ ਇਸ ਦੇ ਬਾਵਜੂਦ ਭਾਰਤ ਅਤੇ ਕੈਨੇਡਾ ਦੇ ਵਿਗੜਦੇ ਕੂਟਨੀਤਕ ਸਬੰਧਾਂ ਨੂੰ ਸੁਧਾਰਨਾ ਇੱਕ ਲੰਬੀ ਪ੍ਰਕਿਰਿਆ ਹੋਵੇਗੀ। ਉਨ੍ਹਾਂ ਮੁਤਾਬਕ 18 ਸਤੰਬਰ ਤੋਂ ਬਾਅਦ ਦੋਹਾਂ ਦੇਸ਼ਾਂ ਵਲੋਂ ਅਪਣਾਇਆ ਗਿਆ ਰਵੱਈਆ ਸੀਮਾ ਤੋਂ ਪਰੇ ਸੀ ਅਤੇ ਕਿਸੇ ਨੇ ਇਸ ਦੀ ਕਦੇ ਕਲਪਨਾ ਵੀ ਨਹੀਂ ਕੀਤੀ ਸੀ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 18 ਸਤੰਬਰ ਨੂੰ ਸੰਸਦ ’ਚ ਕਿਹਾ ਸੀ ਕਿ ਸਿੱਖ ਵੱਖਵਾਦੀ ਨੇਤਾ ਹਰਦੀਪ ਸਿੰਘ ਨਿੱਝਰ ਦੇ ਕਤਲ ’ਚ ਭਾਰਤੀ ਏਜੰਟ ਸ਼ਾਮਲ ਸਨ। ਇਸ ਤੋਂ ਬਾਅਦ ਭਾਰਤ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਵੀਜ਼ਾ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਸਨ। ਕੁਝ ਹਫ਼ਤਿਆਂ ਬਾਅਦ, ਭਾਰਤ ਵਲੋਂ ਵੀਜ਼ਾ ਸੇਵਾਵਾਂ ਅੰਸ਼ਕ ਤੌਰ ’ਤੇ ਬਹਾਲ ਕੀਤੀਆਂ ਗਈਆਂ ਸਨ। ਭਾਰਤ ਨੇ ਵੀ ਟਰੂਡੋ ਦੇ ਦੋਸ਼ਾਂ ਦਾ ਜ਼ੋਰਦਾਰ ਖੰਡਨ ਕੀਤਾ ਹੈ ਪਰ ਉਦੋਂ ਤੱਕ ਰਿਸ਼ਤੇ ਤਣਾਅਪੂਰਨ ਹੋ ਚੁੱਕੇ ਸਨ। ਦੋਹਾਂ ਦੇਸ਼ਾਂ ਦੇ ਸਬੰਧ ਦਹਾਕਿਆਂ ਬਾਅਦ ਇੰਨੇ ਵਿਗੜ ਗਏ ਹਨ। ਨਿਊਜ਼ ਏਜੰਸੀ ਰਾਇਟਰਜ਼ ਨੇ ਦੋਹਾਂ ਦੇਸ਼ਾਂ ਦੇ ਅਧਿਕਾਰੀਆਂ ਅਤੇ ਮਾਹਿਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਭਾਰਤ ਵਲੋਂ ਵੀਜ਼ੇ ’ਤੇ ਦਿੱਤੀ ਗਈ ਢਿੱਲ ਨਾਲ ਰਿਸ਼ਤਿਆਂ ’ਚ ਸੁਧਾਰ ਦੀਆਂ ਕੁਝ ਉਮੀਦਾਂ ਵਧੀਆਂ ਹਨ ਪਰ ਇਹ ਇੱਕ ਸਫਲਤਾ ਨਹੀਂ ਹੈ, ਕਿਉਂਕਿ ਕਿਸੇ ਵੀ ਪੱਖ ਕੋਲ ਆਮ ਸਥਿਤੀ ’ਚ ਵਾਪਸੀ ਲਈ ਬਹੁਤ ਉਤਸ਼ਾਹਜਨਕ ਵਿਕਲਪ ਨਹੀਂ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਅਤੇ ਕੈਨੇਡਾ ਨੇ ਰਿਸ਼ਤਿਆਂ ਨੂੰ ਜਲਦੀ ਹੀ ਆਮ ਵਾਂਗ ਕਰਨ ਲਈ ਕਈ ਠੋਸ ਕਦਮ ਚੁੱਕੇ ਹਨ। ਅਮਰੀਕਾ ਦੇ ਵਾਸ਼ਿੰਗਟਨ ਸਥਿਤ ਵਿਲਸਨ ਸੈਂਟਰ ਦੇ ਦੱਖਣੀ ਏਸ਼ੀਆ ਇੰਸਟੀਚਿਊਟ ਦੇ ਨਿਰਦੇਸ਼ਕ ਮਾਈਕਲ ਕੁਗਲਮੈਨ ਮੁਤਾਬਕ ਦੋਹਾਂ ਦੇਸ਼ਾਂ ਦੇ ਸਬੰਧ ਡੂੰਘੇ ਸੰਕਟ ’ਚ ਹਨ ਅਤੇ ਸ਼ਾਇਦ ਹੁਣ ਸਭ ਤੋਂ ਖ਼ਰਾਬ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹਰ ਪੱਖ ਚਾਹੁੰਦਾ ਹੈ ਕਿ ਸੰਕਟ ਕਾਬੂ ਤੋਂ ਬਾਹਰ ਨਾ ਹੋ ਜਾਵੇ ਪਰ ਇਸ ਦਾ ਮਤਲਬ ਇਹ ਨਹੀਂ ਕਿ ਇਸ ਸੰਕਟ ਦੇ ਹੱਲ ਲਈ ਜ਼ੋਰਦਾਰ ਯਤਨ ਕੀਤੇ ਜਾਣ। ਅਜੈ ਬਿਸਾਰੀਆ, ਜੋ 2020 ਤੋਂ 2022 ਤੱਕ ਕੈਨੇਡਾ ’ਚ ਭਾਰਤ ਦੇ ਰਾਜਦੂਤ ਵਜੋਂ ਤਾਇਨਾਤ ਸਨ, ਨੇ ਕਿਹਾ ਹੈ ਕਿ ਸਬੰਧ ਇਸ ਸਮੇਂ ’ਵਿਗੜਨ’ ਦੇ ਪੜਾਅ ’ਚ ਹਨ ਅਤੇ ਇਹ ਕੋਸ਼ਿਸ਼ਾਂ ‘ਸ਼ਾਂਤ ਕੂਟਨੀਤੀ’ ਤਹਿਤ ਅੱਗੇ ਵੱਧ ਰਹੀਆਂ ਹਨ।
ਭਾਰਤ ਅਤੇ ਕੈਨੇਡਾ ਦੇ ਅਧਿਕਾਰੀਆਂ ਮੁਤਾਬਕ ਜਦੋਂ ਭਾਰਤ ਸਰਕਾਰ ਵਲੋਂ ਵੀਜ਼ਾ ਪਾਬੰਦੀਆਂ ਲਗਾਈਆਂ ਗਈਆਂ ਸਨ, ਤਾਂ ਇਸ ਨੇ ਹਜ਼ਾਰਾਂ ਭਾਰਤੀਆਂ ਅਤੇ ਕੈਨੇਡੀਅਨ ਨਾਗਰਿਕਾਂ ਲਈ ਵੱਡੀ ਸਮੱਸਿਆ ਖੜ੍ਹੀ ਕਰ ਦਿੱਤੀ ਸੀ ਜੋ ਕੈਨੇਡਾ ’ਚ ਰਹਿੰਦੇ ਹਨ ਜਾਂ ਉੱਥੇ ਪੜ੍ਹਾਈ ਲਈ ਜਾਂਦੇ ਹਨ। ਕੈਨੇਡਾ ਦੇ ਵਿਦੇਸ਼ ਮੰਤਰਾਲੇ ਨੇ 30 ਅਕਤੂਬਰ ਨੂੰ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਦੀ ਟਿੱਪਣੀ ਵੱਲ ਇਸ਼ਾਰਾ ਕੀਤਾ ਸੀ।ਜੋਲੀ ਨੇ ਕਿਹਾ ਸੀ, ’ਜਦੋਂ ਭਾਰਤ ਦੀ ਗੱਲ ਆਉਂਦੀ ਹੈ ਤਾਂ ਅਸੀਂ ਲੰਬੇ ਸਮੇਂ ਦੇ ਨਜ਼ਰੀਏ ਨਾਲ ਸੋਚਦੇ ਹਾਂ। ਇਹ ਇੱਕ ਅਜਿਹਾ ਰਿਸ਼ਤਾ ਹੈ ਜੋ ਦਹਾਕਿਆਂ ਤੋਂ ਚੱਲਿਆ ਆ ਰਿਹਾ ਹੈ ਅਤੇ ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਦੇਸ਼ ਦੇ ਲੋਕਾਂ ਵਿਚਕਾਰ ਬਹੁਤ ਮਜ਼ਬੂਤ ਬੰਧਨ ਹਨ।