ਮੀਂਹ ਨਾਲ ਵਿਘਨ ਪਏ ਇਸ ਮੈਚ ‘ਚ ਭਾਰਤੀ ਬੱਲੇਬਾਜ਼ਾਂ ਦੀ ਸ਼ਾਨਦਾਰ ਬੱਲੇਬਾਜ਼ੀ ਦੇ ਦਮ ‘ਤੇ ਭਾਰਤ ਨੇ ਸ਼੍ਰੀਲੰਕਾ ਨੂੰ ਲਗਾਤਾਰ ਦੂਜੇ ਮੈਚ ‘ਚ ਹਰਾ ਦਿੱਤਾ ਹੈ। ਭਾਰਤ ਲਈ ਇਕ ਵਾਰ ਫਿਰ ਕਪਤਾਨ ਸੂਰਿਆ ਅਤੇ ਯਸ਼ਸਵੀ ਜੈਸਵਾਲ ਦੇ ਬੱਲੇ ਤੋਂ ਦੌੜਾਂ ਦੇਖਣ ਨੂੰ ਮਿਲੀਆਂ। ਮੀਂਹ ਕਾਰਨ ਮੈਚ ਨੂੰ 8 ਓਵਰਾਂ ਦਾ ਕਰ ਦਿੱਤਾ ਗਿਆ। ਜਿਸ ਵਿੱਚ ਭਾਰਤ ਦੇ ਸਾਹਮਣੇ 78 ਦੌੜਾਂ ਦਾ ਟੀਚਾ ਰੱਖਿਆ ਗਿਆ ਸੀ।
ਇਸ ਮੈਚ ਵਿੱਚ ਭਾਰਤ ਲਈ ਯਸ਼ਸਵੀ ਜੈਸਵਾਲ ਅਤੇ ਸੰਜੂ ਸੈਮਸਨ ਓਪਨਿੰਗ ਕਰਨ ਆਏ। ਭਾਰਤ ਨੇ ਪਹਿਲੇ ਓਵਰ ਵਿੱਚ ਕੁੱਲ 12 ਦੌੜਾਂ ਲੁਟ ਲਈਆਂ ਅਤੇ ਅਗਲੇ ਓਵਰ ਵਿੱਚ ਮਹੇਸ਼ ਟੇਕਸ਼ਾਨਾ ਨੇ ਸੰਜੂ ਨੂੰ ਬੋਲਡ ਕਰਕੇ ਪੈਵੇਲੀਅਨ ਭੇਜ ਦਿੱਤਾ। ਇਸ ਤੋਂ ਇਲਾਵਾ ਦੂਜੇ ਓਵਰ ‘ਚ ਸਿਰਫ 2 ਦੌੜਾਂ ਹੀ ਲੱਗੀਆਂ। ਸ਼੍ਰੀਲੰਕਾ ਦੇ ਕਪਤਾਨ ਨੇ ਤੀਸਰਾ ਓਵਰ ਵਾਨਿੰਦੂ ਹਸਾਰੰਗਾ ਨੂੰ ਸੌਂਪਿਆ।
ਜਿਸ ਵਿੱਚ ਸੂਰਿਆ ਅਤੇ ਜੈਸਵਾਲ ਨੇ ਮਿਲ ਕੇ 16 ਦੌੜਾਂ ਬਣਾਈਆਂ ਅਤੇ ਮੈਚ ਵਿੱਚ ਅੱਗੇ ਹੋ ਗਏ। ਇਸ ਤੋਂ ਬਾਅਦ ਦੋਵਾਂ ਬੱਲੇਬਾਜ਼ਾਂ ਦੇ ਬੱਲੇ ਤੋਂ ਵੱਡੇ ਸ਼ਾਟ ਲਗਾਤਾਰ ਦੇਖਣ ਨੂੰ ਮਿਲੇ। ਪਾਰੀ ਦੇ ਚੌਥੇ ਓਵਰ ਵਿੱਚ ਕਪਤਾਨ ਸੂਰਿਆ ਨੇ ਮਹੇਸ਼ ਤੀਕਸ਼ਾਨਾ ਨੂੰ ਲਗਾਤਾਰ ਤਿੰਨ ਗੇਂਦਾਂ ’ਤੇ ਚੌਕੇ ਜੜੇ। ਸੂਰਿਆ ਨੇ ਪੰਜਵੇਂ ਓਵਰ ਵਿੱਚ ਛੱਕਾ ਮਾਰਿਆ ਪਰ ਉਸ ਨੇ ਛੱਕਾ ਲੱਗਣ ਤੋਂ ਬਾਅਦ ਆਪਣਾ ਵਿਕਟ ਦੇ ਦਿੱਤਾ। ਹਸਰੰਗਾ ਇਕ ਵਾਰ ਫਿਰ ਅਗਲੇ ਓਵਰ ‘ਚ ਗੇਂਦਬਾਜ਼ੀ ਕਰਦੇ ਨਜ਼ਰ ਆਏ।
ਜਿਸ ‘ਚ ਉਸ ਨੇ 18 ਦੌੜਾਂ ਖਰਚ ਕੀਤੀਆਂ ਪਰ ਜੈਸਵਾਲ ਦਾ ਵਿਕਟ ਜ਼ਰੂਰ ਲਈ । ਭਾਰਤ ਨੇ ਸਿਰਫ਼ 6.3 ਓਵਰਾਂ ਵਿੱਚ 3 ਵਿਕਟਾਂ ਗੁਆ ਕੇ 78 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਪਿਛਲੀ ਪਾਰੀ ‘ਚ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਦੇ ਬੱਲੇ ਤੋਂ 9 ਗੇਂਦਾਂ ‘ਤੇ 22 ਦੌੜਾਂ ਦੀ ਪਾਰੀ ਦੇਖਣ ਨੂੰ ਮਿਲੀ। ਸੂਰਿਆ ਨੇ 26 ਦੌੜਾਂ ਬਣਾਈਆਂ, ਉਥੇ ਜੈਸਵਾਲ ਨੇ 15 ਗੇਂਦਾਂ ‘ਚ 30 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।
ਇਸ ਤੋਂ ਪਹਿਲਾਂ ਭਾਰਤੀ ਟੀਮ ਦੇ ਕਪਤਾਨ ਸੂਰਿਆਕੁਮਾਰ ਯਾਦਵ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਜਿਸ ਨੂੰ ਭਾਰਤੀ ਗੇਂਦਬਾਜ਼ਾਂ ਨੇ ਸਹੀ ਸਾਬਤ ਕਰਦਿਆਂ ਸ੍ਰੀਲੰਕਾ ਦੀ ਟੀਮ ਨੂੰ ਸਿਰਫ਼ 161 ਦੌੜਾਂ ਤੱਕ ਹੀ ਰੋਕ ਦਿੱਤਾ। ਪਹਿਲੇ ਦਸ ਓਵਰਾਂ ਵਿੱਚ 80 ਦੌੜਾਂ ਬਣਾਉਣ ਦੇ ਬਾਵਜੂਦ ਸ੍ਰੀਲੰਕਾ ਦੀ ਟੀਮ ਵੱਡਾ ਸਕੋਰ ਨਹੀਂ ਬਣਾ ਸਕੀ ਅਤੇ ਆਖਰੀ ਦਸ ਓਵਰਾਂ ਵਿੱਚ ਸਿਰਫ਼ 81 ਦੌੜਾਂ ਹੀ ਬਣਾ ਸਕੀ।
ਸ਼੍ਰੀਲੰਕਾ ਲਈ ਸਭ ਤੋਂ ਵੱਧ ਦੌੜਾਂ ਕੁਸਲ ਪਰੇਰਾ ਨੇ ਬਣਾਈਆਂ, ਜਿਸ ਦੀ 34 ਗੇਂਦਾਂ ‘ਤੇ 54 ਦੌੜਾਂ ਦੀ ਪਾਰੀ ਦੇਖਣ ਨੂੰ ਮਿਲੀ। ਉਸ ਤੋਂ ਇਲਾਵਾ ਸਲਾਮੀ ਬੱਲੇਬਾਜ਼ ਪਥੁਮ ਨਿਸਾਂਕਾ ਨੇ 24 ਗੇਂਦਾਂ ‘ਤੇ 32 ਦੌੜਾਂ ਦੀ ਪਾਰੀ ਖੇਡੀ। ਭਾਰਤ ਲਈ ਹਾਰਦਿਕ ਪੰਡਯਾ, ਅਕਸ਼ਰ ਪਟੇਲ ਅਤੇ ਅਰਸ਼ਦੀਪ ਸਿੰਘ ਨੇ 2-2 ਵਿਕਟਾਂ ਲਈਆਂ ਜਦਕਿ ਰਵੀ ਬਿਸ਼ਨੋਈ ਨੇ ਚਾਰ ਓਵਰਾਂ ਵਿੱਚ 26 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।