ਨਿੱਝਰ ਹੱਤਿਆ ਮਾਮਲੇ ’ਚ ਭਾਰਤੀ ਹਾਈ ਕਮਿਸ਼ਨਰ ਨੇ ਕੈਨੇਡਾ ਤੋਂ ਮੰਗੇ ਸਬੂਤ

Ottawa- ਕੈਨੇਡਾ ’ਚ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਓਟਾਵਾ ਨੂੰ ਸਿੱਖ ਵੱਖਵਾਦੀ ਨੇਤਾ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ’ਚ ਸਬੂਤ ਮੁਹੱਈਆ ਕਰਾਉਣ ਲਈ ਕਿਹਾ ਹੈ। ਵਰਮਾ ਨੇ ਇਹ ਵੀ ਕਿਹਾ ਕਿ ਨਿੱਝਰ ਕਤਲ ਕੇਸ ਦੀ ਕੈਨੇਡਾ ਦੀ ਜਾਂਚ ਇੱਕ ਉੱਚ ਪੱਧਰੀ ਕੈਨੇਡੀਅਨ ਅਧਿਕਾਰੀ ਦੇ ਜਨਤਕ ਬਿਆਨਾਂ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।
ਵਰਮਾ ਨੇ ਇੱਕ ਕੈਨੇਡੀਅਨ ਅਖ਼ਬਾਰ ਨੂੰ ਦਿੱਤੀ ਇੰਟਰਵਿਊ ’ਚ ਕਿਹਾ ਕਿ ਇਸ ਮਾਮਲੇ ’ਚ ਸਾਨੂੰ ਕੋਈ ਖਾਸ ਜਾਂ ਸੰਬੰਧਿਤ ਜਾਣਕਾਰੀ ਨਹੀਂ ਦਿੱਤੀ ਗਈ, ਜਿਸ ਦੇ ਆਧਾਰ ’ਤੇ ਅਸੀਂ ਉਨ੍ਹਾਂ ਦੀ ਮਦਦ ਕਰ ਸਕੀਏ। ਅਖਬਾਰ ਨੇ ਵਰਮਾ ਦੇ ਹਵਾਲੇ ਨਾਲ ਕਿਹਾ, ‘‘ਸਬੂਤ ਕਿੱਥੇ ਹਨ? ਇਸ ਜਾਂਚ ਦਾ ਸਿੱਟਾ ਕਿੱਥੇ ਹੈ? ਮੈਂ ਇੱਕ ਕਦਮ ਅੱਗੇ ਜਾ ਕੇ ਕਹਾਂਗਾ ਕਿ ਜਾਂਚ ਪਹਿਲਾਂ ਹੀ ਮਾੜਾ ਪ੍ਰਭਾਵ ਪਾ ਚੁੱਕੀ ਹੈ।’’ ਉਨ੍ਹਾਂ ਨੇ ਕਿਸੇ ਦਾ ਨਾਂ ਲਏ ਬਿਨਾਂ ਕਿਹਾ, ‘‘ਇਹ ਕਹਿਣ ਲਈ ਮੈਨੂੰ ਉੱਚ ਪੱਧਰੀ ਵਿਅਕਤੀ ਤੋਂ ਹਦਾਇਤ ਮਿਲੀ ਹੈ ਕਿ ਇਸ ਪਿੱਛੇ ਭਾਰਤ ਜਾਂ ਭਾਰਤੀ ਏਜੰਟਾਂ ਦਾ ਹੱਥ ਹੈ।’’
ਦੱਸਣਯੋਗ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਤੰਬਰ ’ਚ ਇਹ ਦੋਸ਼ ਲਾਇਆ ਸੀ ਕਿ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਪਿੱਛੇ ਭਾਰਤੀ ਏਜੰਟਾਂ ਦਾ ਹੱਥ ਹੈ। ਟਰੂਡੋ ਦੇ ਇਨ੍ਹਾਂ ਦੋਸ਼ਾਂ ਤੋਂ ਬਾਅਦ ਹੀ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ’ਚ ਤਣਾਅ ਪੈਦਾ ਹੋ ਗਿਆ। ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਬੇਤੁਕਾ ਅਤੇ ਸਵਾਰਥੀ ਹਿੱਤਾਂ ਤੋਂ ਪ੍ਰੇਰਿਤ ਦੱਸਿਆ ਹੈ।