New Delhi/Ottawa- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਪਿੱਛੇ ਭਾਰਤ ਸਰਕਾਰ ਦਾ ਹੱਥ ਦੱਸਣ ਮਗਰੋਂ ਦੋਹਾਂ ਦੇਸ਼ਾਂ ਦੇ ਸੰਬੰਧਾਂ ਵਿਚਾਲੇ ਤਣਾਅ ਹੁਣ ਹੱਦੋਂ ਵੱਧ ਗਿਆ ਹੈ। ਪਹਿਲੇ ਇਸੇ ਤਣਾਅ ਪਹਿਲਾਂ ਕੈਨੇਡਾ ਸਰਕਾਰ ਨੇ ਭਾਰਤ ਦੇ ਡਿਪਲੋਮੈਟ ਪਵਨ ਕੁਮਾਰ ਰਾਏ ਨੂੰ ਬਰਖ਼ਾਸਤ ਕੀਤਾ ਸੀ ਅਤੇ ਹੁਣ ਭਾਰਤ ਨੇ ਵੀ ਦਿੱਲੀ ਸਥਿਤ ਕੈਨੇਡੀਆਈ ਹਾਈ ਕਮਿਸ਼ਨ ਦੇ ਇੱਕ ਸੀਨੀਅਰ ਡਿਪਲੋਮੈਟ ਨੂੰ ਬਰਖ਼ਾਸਤ ਕਰਨ ਦਾ ਫ਼ੈਸਲਾ ਕੀਤਾ ਹੈ।
ਟਰੂਡੋ ਦੇ ਬਿਆਨ ਨੂੰ ਖ਼ਾਰਜ ਕਰਦਿਆਂ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ, ‘‘ਸੰਬੰਧਿਤ ਡਿਪਲੋਮੈਟ ਨੂੰ ਅਗਲੇ ਪੰਜ ਦਿਨਾਂ ਦੇ ਅੰਦਰ ਭਾਰਤ ਛੱਡਣ ਲਈ ਕਿਹਾ ਗਿਆ ਹੈ। ਇਹ ਫ਼ੈਸਲਾ ਸਾਡੇ ਅੰਦਰੂਨੀ ਮਾਮਲਿਆਂ ’ਚ ਕੈਨੇਡੀਆਈ ਡਿਪਲੋਮੈਟਾਂ ਦੀ ਦਖ਼ਲ ਅੰਦਾਜ਼ੀ ਅਤੇ ਭਾਰਤ ਵਿਰੋਧੀ ਗਤੀਵਿਧੀਆਂ ’ਚ ਉਨ੍ਹਾਂ ਦੀ ਸ਼ਮੂਲੀਅਤ ’ਤੇ ਭਾਰਤ ਸਰਕਾਰ ਦੀਆਂ ਵਧਦੀਆਂ ਚਿੰਤਾਵਾਂ ਨੂੰ ਵੀ ਦਰਸਾਉਂਦਾ ਹੈ।’’
ਇਸ ਤੋਂ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਸੀ, ‘‘ਸਾਡੇ ਦੇਸ਼ ਦੀ ਜ਼ਮੀਨ ’ਤੇ ਕੈਨੇਡੀਆਈ ਨਾਗਰਿਕ ਦੀਗ ਹੱਤਿਆ ਦੇ ਪਿੱਛੇ ਵਿਦੇਸ਼ੀ ਸਰਕਾਰ ਦਾ ਹੋਣ ਅਸਵੀਕਾਰਨਯੋਗ ਹੈ ਅਤੇ ਇਹ ਸਾਡੀ ਪ੍ਰਭੂਸੱਤਾ ਦੀ ਉਲੰਘਣਾ ਹੈ।’’ ਦੱਸ ਦਈਏ ਕਿ ਇਸੇ ਸਾਲ 18 ਜੂਨ ਨੂੰ ਹਰਦੀਪ ਸਿੰਘ ਨਿੱਝਰ ਦੀ ਸਰੀ ਦੇ ਇੱਕ ਗੁਰਦੁਆਰਾ ਸਾਹਿਬ ਦੇ ਬਾਹਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਭਾਰਤ ਸਰਕਾਰ ਨਿੱਝਰ ਨੂੰ ‘ਅੱਤਵਾਦੀ’ ਅਤੇ ਵੱਖਵਾਦੀ ਸੰਗਠਨ ਦਾ ਮੁਖੀ ਦੱਸਦੀ ਰਹੀ ਹੈ, ਜਦਕਿ ਨਿੱਝਰ ਦੇ ਸਮਰਥਕ ਇਨ੍ਹਾਂ ਦੋਸ਼ਾਂ ਨੂੰ ਖ਼ਾਰਜ ਕਰਦੇ ਰਹੇ ਹਨ।