ਡੈਸਕ- ਵਿਰੋਧੀ ਧਿਰ ਵੱਲੋਂ ਸਰਕਾਰ ਖ਼ਿਲਾਫ਼ ਲਿਆਂਦੇ ਬੇਭਰੋਸਗੀ ਮਤੇ ’ਤੇ ਅੱਜ ਭਾਵ ਮੰਗਲਵਾਰ (8 ਅਗਸਤ) ਨੂੰ ਲੋਕ ਸਭਾ ਵਿੱਚ ਚਰਚਾ ਹੋਵੇਗੀ। ਅੱਜ ਹੋਣ ਵਾਲੀ ਇਸ ਚਰਚਾ ਦੀ ਖਾਸੀਅਤ ਇਹ ਮੰਨੀ ਜਾ ਰਹੀ ਹੈ ਕਿ 133 ਦਿਨਾਂ ਤੱਕ ਸੰਸਦ ਤੋਂ ਬਾਹਰ ਰਹਿ ਚੁੱਕੇ ਰਾਹੁਲ ਗਾਂਧੀ ਇਸ ਬਹਿਸ ਦੀ ਸ਼ੁਰੂਆਤ ਆਪਣੇ ਭਾਸ਼ਣ ਨਾਲ ਕਰਨਗੇ।
ਇਹ ਪਹਿਲਾ ਮੌਕਾ ਹੋਵੇਗਾ ਜਦੋਂ ਰਾਹੁਲ ਮੋਦੀ ਸਰਨੇਮ ਨਾਲ ਜੁੜੇ ਅਪਰਾਧਿਕ ਮਾਣਹਾਨੀ ਮਾਮਲੇ ਵਿੱਚ ਆਪਣੀ ਮੈਂਬਰਸ਼ਿਪ ਗੁਆਉਣ ਤੋਂ ਬਾਅਦ ਲੋਕ ਸਭਾ ਵਿੱਚ ਬੋਲਣਗੇ। ਇਸ ਸਾਲ ਫਰਵਰੀ ਵਿੱਚ ਉਨ੍ਹਾਂ ਨੂੰ ਉਦੋਂ ਆਪਣੀ ਸੰਸਦ ਦੀ ਮੈਂਬਰਸ਼ਿਪ ਗੁਆਉਣੀ ਪਈ ਸੀ ਜਦੋਂ ਗੁਜਰਾਤ ਦੀ ਇੱਕ ਅਦਾਲਤ ਨੇ ਮੋਦੀ ਸਰਨੇਮ ਅਪਰਾਧਿਕ ਮਾਣਹਾਨੀ ਮਾਮਲੇ ਵਿੱਚ ਉਨ੍ਹਾਂ ਨੂੰ ਵੱਧ ਤੋਂ ਵੱਧ ਦੋ ਸਾਲ ਦੀ ਸਜ਼ਾ ਸੁਣਾਈ ਸੀ। ਹਾਲ ਹੀ ਵਿੱਚ ਉਨ੍ਹਾਂ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲੀ ਹੈ।
ਲੋਕ ਸਭਾ ‘ਚ ਸਰਕਾਰ ਖਿਲਾਫ ਲਿਆਂਦੇ ਗਏ ਵਿਰੋਧੀ ਧਿਰ ਦੇ ਬੇਭਰੋਸਗੀ ਮਤੇ ‘ਤੇ ਮੰਗਲਵਾਰ (8 ਅਗਸਤ) ਤੋਂ ਬਹਿਸ ਸ਼ੁਰੂ ਹੋ ਰਹੀ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਸੀ ਕਿ ਰਾਹੁਲ ਗਾਂਧੀ ਮੰਗਲਵਾਰ ਨੂੰ ਵਿਰੋਧੀ ਧਿਰ ਦੇ ਬੇਭਰੋਸਗੀ ਮਤੇ ‘ਤੇ ਬਹਿਸ ਦੀ ਅਗਵਾਈ ਕਰ ਸਕਦੇ ਹਨ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਬਹਾਲੀ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਦੇਸ਼ ਦੇ ਲੋਕਾਂ ਖਾਸ ਕਰਕੇ ਵਾਇਨਾਡ ਸੰਸਦੀ ਹਲਕੇ ਦੇ ਲੋਕਾਂ ਨੂੰ ਰਾਹਤ ਮਿਲੀ ਹੈ। ਖੜਗੇ ਨੇ ਟਵੀਟ ਕੀਤਾ ਕਿ ਰਾਹੁਲ ਗਾਂਧੀ ਦੀ ਸੰਸਦ ਦੀ ਮੈਂਬਰਸ਼ਿਪ ਬਹਾਲ ਕਰਨ ਦਾ ਫੈਸਲਾ ਸਵਾਗਤਯੋਗ ਕਦਮ ਹੈ। ਇਸ ਕਦਮ ਨੇ ਭਾਰਤ ਦੇ ਲੋਕਾਂ ਤੇ ਖਾਸ ਕਰਕੇ ਵਾਇਨਾਡ ਦੇ ਲੋਕਾਂ ਨੂੰ ਰਾਹਤ ਦਿੱਤੀ ਹੈ।
ਲੋਕ ਸਭਾ ਕਮੇਟੀ ਨੇ ਬੇਭਰੋਸਗੀ ਮਤੇ ‘ਤੇ ਚਰਚਾ ਲਈ 12 ਘੰਟੇ ਦਾ ਸਮਾਂ ਦਿੱਤਾ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਇਸ ਦਾ ਜਵਾਬ ਦੇ ਸਕਦੇ ਹਨ। ਵਿਰੋਧੀ ਪਾਰਟੀਆਂ ਮਨੀਪੁਰ ‘ਚ ਜਾਤੀ ਹਿੰਸਾ ਨੂੰ ਲੈ ਕੇ ਸੰਸਦ ‘ਚ ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ਦੀ ਮੰਗ ਕਰ ਰਹੀਆਂ ਹਨ ਤੇ ਇਸ ਕਾਰਨ 20 ਜੁਲਾਈ ਤੋਂ ਸ਼ੁਰੂ ਹੋ ਰਿਹਾ ਸੰਸਦ ਦਾ ਮਾਨਸੂਨ ਸੈਸ਼ਨ ਤੂਫਾਨੀ ਹੋ ਗਿਆ ਹੈ।