New Delhi- ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਹੇ ਅੜਿੱਕੇ ਦਰਮਿਆਨ ਭਾਰਤ ਨੇ ਕੈਨੇਡੀਅਨ ਅਧਿਕਾਰੀਆਂ ਨੂੰ 10 ਅਕਤੂਬਰ ਤੱਕ ਕਰੀਬ 41 ਡਿਪਲੋਮੈਟਾਂ ਨੂੰ ਵਾਪਸ ਬੁਲਾਉਣ ਲਈ ਕਿਹਾ ਹੈ ਨਹੀਂ ਤਾਂ ਉਨ੍ਹਾਂ ਦੀ ਡਿਪਲੋਮੈਟਿਕ ਛੋਟ ਵਾਪਸ ਲੈ ਲਈ ਜਾਵੇਗੀ। ਹਾਲਾਂਕਿ ਭਾਰਤ ਸਰਕਾਰ ਨੇ ਇਸ ’ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਭਾਰਤ ਵਿੱਚ 62 ਕੈਨੇਡੀਅਨ ਡਿਪਲੋਮੈਟ ਕੰਮ ਕਰ ਰਹੇ ਹਨ, ਜਿਨ੍ਹਾਂ ਵਿੱਚੋਂ 41 ਦੇ ਕਰੀਬ ਡਿਪਲੋਮੈਟਾਂ ਨੂੰ ਵਾਪਸ ਲੈਣ ਲਈ ਕਿਹਾ ਗਿਆ ਹੈ। ਇਸ ਦੌਰਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਸੀ ਕਿ ਭਾਰਤ ਵਿੱਚ ਕੈਨੇਡਾ ਦਾ ਡਿਪਲੋਮੈਟਿਕ ਸਟਾਫ ਕੈਨੇਡਾ ਵਿੱਚ ਭਾਰਤ ਦੇ ਡਿਪਲੋਮੈਟਿਕ ਸਟਾਫ ਨਾਲੋਂ ਵੱਡਾ ਹੈ ਅਤੇ ਬਰਾਬਰਤਾ ਹੋਣੀ ਚਾਹੀਦੀ ਹੈ।
ਦੱਸਣਯੋਗ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਦੇਸ਼ ਦੀ ਸੰਸਦ ’ਚ ਸਿੱਖ ਨੇਤਾ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨੂੰ ਲੈ ਕੇ ਦਿੱਤੇ ਗਏ ਬਿਆਨ ਦੇ ਮਗਰੋਂ ਭਾਰਤ ਅਤੇ ਕੈਨੇਡਾ ਵਿਚਾਲੇ ਕੂਟਨੀਤਿਕ ਤਣਾਅ ਸ਼ੁਰੂ ਹੋਇਆ ਸੀ। ਇਹ ਤਣਾਅ ਉਸ ਵੇਲੇ ਹੋਰ ਵਧਣਾ ਸ਼ੁਰੂ ਹੋਇਆ, ਜਦੋਂ ਭਾਰਤ ਅਤੇ ਕੈਨੇਡਾ ਨੇ ਇੱਕ-ਦੂਜੇ ਦੇ ਸੀਨੀਅਰ ਡਿਪਲੋਮੈਟਾਂ ਨੂੰ ਬਰਖ਼ਾਸਤ ਕਰਨ ਦਾ ਐਲਾਨ ਕੀਤਾ। ਇੰਨਾ ਹੀ ਨਹੀਂ, ਇਹ ਇਸ ਤਣਾਅ ਦਾ ਹੀ ਨਤੀਜਾ ਸੀ ਕਿ ਦੋਹਾਂ ਦੇਸ਼ਾਂ ਨੇ ਆਪਣੇ-ਆਪਣੇ ਨਾਗਰਿਕਾਂ ਲਈ ਐਡਵਾਇਜ਼ਰੀਆਂ ਜਾਰੀ ਕੀਤੀਆਂ ਸਨ ਅਤੇ ਭਾਰਤ ਨੇ ਕੈਨੇਡੀਅਨ ਨਾਗਰਿਕਾਂ ਲਈ ਵੀਜ਼ੇ ਬੰਦ ਕਰਨ ਦਾ ਫ਼ੈਸਲਾ ਲਿਆ ਸੀ।
ਹਾਲਾਂਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੀਤੇ ਦਿਨੀਂ ਕਿਹਾ ਸੀ ਕਿ ਉਨ੍ਹਾਂ ਦਾ ਦੇਸ਼ ਭਾਰਤ ਨਾਲ ਨਜ਼ਦੀਕੀ ਸੰਬੰਧ ਸਥਾਪਿਤ ਕਰਨ ਲੈ ਕੇ ਗੰਭੀਰ ਹੈ ਅਤੇ ਭਾਰਤ ਦੀ ਆਰਥਿਕ ਤਾਕਤ ਦਿਨੋਂ-ਦਿਨ ਵਧ ਰਹੀ ਹੈ।