Site icon TV Punjab | Punjabi News Channel

ਨਿੱਝਰ ਹੱਤਿਆ ਮਾਮਲੇ ’ਚ ਭਾਰਤ ਨੇ ਕੈਨੇਡਾ ਤੋਂ ਮੰਗੇ ਸਬੂਤ

ਨਿੱਝਰ ਹੱਤਿਆ ਮਾਮਲੇ ’ਚ ਭਾਰਤ ਨੇ ਕੈਨੇਡਾ ਤੋਂ ਮੰਗੇ ਸਬੂਤ

London- ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨੂੰ ਲੈ ਕੇ ਭਾਰਤ ’ਤੇ ਲੱਗੇ ਦੋਸ਼ਾਂ ’ਤੇ ਕੈਨੇਡਾ ਤੋਂ ਇਕ ਵਾਰ ਫਿਰ ਸਬੂਤਾਂ ਦੀ ਮੰਗ ਕੀਤੀ ਹੈ। ਲੰਡਨ ’ਚ ਇੱਕ ਸਮਾਗਮ ਦੌਰਾਨ ਬੋਲਦਿਆਂ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨਿੱਝਰ ਦੇ ਕਤਲ ਦੀ ਜਾਂਚ ਦੀ ਲੋੜ ਤੋਂ ਇਨਕਾਰ ਨਹੀਂ ਕਰ ਰਹੀ ਹੈ ਪਰ ਕੈਨੇਡਾ ਨੂੰ ਆਪਣੇ ਉਨ੍ਹਾਂ ਦੋਸ਼ਾਂ ਦੇ ਸਮਰਥਨ ’ਚ ਸਬੂਤ ਪੇਸ਼ ਕਰਨੇ ਚਾਹੀਦੇ ਹਨ ਕਿ ਇਸ ਕਤਲ ’ਚ ਭਾਰਤੀ ਏਜੰਟਾਂ ਦੀ ਭੂਮਿਕਾ ਸੀ। ਜੈਸ਼ੰਕਰ ਨੇ ਕਿਹਾ, ‘‘ਜੇਕਰ ਤੁਹਾਡੇ ਕੋਲ ਅਜਿਹੇ ਦੋਸ਼ ਲਗਾਉਣ ਦਾ ਕੋਈ ਕਾਰਨ ਹੈ ਤਾਂ ਕ੍ਰਿਪਾ ਕਰਕੇ ਸਬੂਤ ਸਾਂਝੇ ਕਰੋ, ਕਿਉਂਕਿ ਅਸੀਂ ਜਾਂਚ ਤੋਂ ਇਨਕਾਰ ਨਹੀਂ ਕਰ ਰਹੇ ਹਾਂ।’’
ਜੈਸ਼ੰਕਰ ਨੇ ਇਹ ਟਿੱਪਣੀਆਂ ਲੰਡਨ ਵਿੱਚ ਅਨੁਭਵੀ ਪੱਤਰਕਾਰ ਲਿਓਨਲ ਬਾਰਬਰ ਨਾਲ ‘ਇੱਕ ਅਰਬ ਲੋਕ ਦੁਨੀਆਂ ਨੂੰ ਕਿਵੇਂ ਦੇਖਦੇ ਹਨ’ ਸਿਰਲੇਖ ਦੇ ਇੱਕ ਸਮਾਗਮ ’ਚ ਸਵਾਲਾਂ ਦੇ ਜਵਾਬ ’ਚ ਕੀਤੀਆਂ। ਜੈਸ਼ੰਕਰ, ਜੋ ਕਿ ਬ੍ਰਿਟੇਨ ਦੇ ਪੰਜ ਦਿਨਾਂ ਸਰਕਾਰੀ ਦੌਰੇ ’ਤੇ ਹਨ, ਨੇ ਜ਼ੋਰ ਦੇ ਕੇ ਕਿਹਾ ਕਿ ਕੈਨੇਡਾ ਨੇ ਆਪਣੇ ਦੋਸ਼ਾਂ ਦੇ ਸਮਰਥਨ ਲਈ ਭਾਰਤ ਨਾਲ ਕੋਈ ਸਬੂਤ ਸਾਂਝਾ ਨਹੀਂ ਕੀਤਾ ਹੈ।
ਸਤੰਬਰ ’ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ’ਚ 18 ਜੂਨ ਨੂੰ ਹੋਈ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ’ਚ ਭਾਰਤੀ ਏਜੰਟ ਦੀ ‘ਸੰਭਵ’ ਸ਼ਮੂਲੀਅਤ ਦੇ ਦੋਸ਼ ਲਾਏ ਸਨ। ਉਦੋਂ ਤੋਂ ਲੈ ਕੇ ਹੁਣ ਤੱਕ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਬੇਹੱਦ ਤਣਾਅਪੂਰਨ ਦੌਰ ’ਚੋਂ ਲੰਘ ਰਹੇ ਹਨ। ਭਾਰਤ ਪਹਿਲਾਂ ਹੀ ਟਰੂਡੋ ਦੇ ਦੋਸ਼ਾਂ ਨੂੰ ‘ਬੇਹੂਦਾ’ ਅਤੇ ‘ਬੇਬੁਨਿਆਦ’ ਦੱਸ ਕੇ ਰੱਦ ਕਰ ਚੁੱਕਾ ਹੈ।
ਜੈਸ਼ੰਕਰ ਨੇ ਕਿਹਾ ਕਿ ਪ੍ਰਗਟਾਵੇ ਦੀ ਆਜ਼ਾਦੀ ਇੱਕ ਖਾਸ ਜ਼ਿੰਮੇਵਾਰੀ ਨਾਲ ਆਉਂਦੀ ਹੈ ਅਤੇ ਉਨ੍ਹਾਂ ਆਜ਼ਾਦੀਆਂ ਦੀ ਦੁਰਵਰਤੋਂ ਗਲਤ ਹੈ। ਸਿਆਸੀ ਮੰਤਵਾਂ ਲਈ ਇਨ੍ਹਾਂ ਦੀ ਦੁਰਵਰਤੋਂ ਨੂੰ ਬਰਦਾਸ਼ਤ ਕਰਨਾ ਬਹੁਤ ਗਲਤ ਹੋਵੇਗਾ। ਉਨ੍ਹਾਂ ਕੈਨੇਡਾ ’ਚ ਭਾਰਤੀ ਹਾਈ ਕਮਿਸ਼ਨ ’ਤੇ ਹਮਲੇ ਜਾਂ ਹਾਈ ਕਮਿਸ਼ਨ ਅਤੇ ਕੌਂਸਲੇਟ ਜਨਰਲ ’ਤੇ ਬੰਬ ਹਮਲਿਆਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਭਾਰਤੀ ਡਿਪਲੋਮੈਟਾਂ ਨੂੰ ਜਨਤਕ ਤੌਰ ’ਤੇ ਡਰਾਇਆ-ਧਮਕਾਇਆ ਗਿਆ, ਜਦਕਿ ਕੈਨੇਡੀਅਨ ਅਧਿਕਾਰੀਆਂ ਨੇ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ।

Exit mobile version