ਟੋਕੀਓ ਉਲੰਪਿਕ ਖੇਡਾਂ ਸਮਾਪਤ, ਭਾਰਤ ਦੀ ਝੋਲੀ ਪਏ 7 ਮੈਡਲ

ਟੋਕੀਓ : ਟੋਕੀਓ ਉਲੰਪਿਕ ਖੇਡਾਂ ਅੱਜ ਸਮਾਪਤ ਹੋ ਗਈਆਂ ਹਨ। ਉਲੰਪਿਕ ਵਿਚ ਇਸ ਵਾਰ ਭਾਰਤ ਦਾ ਸਫ਼ਰ ਵੀ ਪਹਿਲਾਂ ਨਾਲੋਂ ਚੰਗਾ ਰਿਹਾ। ਭਾਰਤ ਨੇ ਪਹਿਲੀ ਵਾਰ ਉਲੰਪਿਕ ਵਿਚ 7 ਤਗਮੇ ਹਾਸਲ ਕੀਤੇ ਹਨ। ਜਿਨ੍ਹਾਂ ਵਿਚ 1 ਸੋਨੇ ਦਾ, 2 ਚਾਂਦੀ ਤੇ 4 ਕਾਂਸੀ ਦੇ ਰਹੇ ਹਨ। ਭਾਰਤ ਨੇ ਟੋਕੀਓ ਉਲੰਪਿਕ ਦੀ ਸ਼ੁਰੂਆਤ ਵਿਚ ਹੀ ਚਾਂਦੀ ਤਗਮਾ ਜਿੱਤ ਲਿਆ ਸੀ। ਇਸ ਤੋਂ ਬਾਅਦ ਬੈਡਮਿੰਟਨ, ਮੁੱਕੇਬਾਜ਼ੀ ਵਿਚ ਕਾਂਸੀ ਦਾ ਤਗਮਾ ਜਿੱਤਣ ਮਗਰੋਂ ਭਾਰਤੀ ਮਰਦ ਹਾਕੀ ਟੀਮ ਨੇ 41 ਸਾਲ ਬਾਅਦ ਕੋਈ ਤਗਮਾ ਜਿੱਤਿਆ, ਭਾਵੇ ਕਾਂਸੀ ਦਾ ਹੀ ਸਹੀ।

ਇਸ ਦੇ ਨਾਲ ਹੀ ਕੁਸ਼ਤੀ ਵਿਚ ਵੀ ਚਾਂਦੀ ਤੇ ਕਾਂਸੀ ਦੇ ਤਗਮੇ ਹਾਸਲ ਹੋਏ ਪਰ ਆਖਿਰ ਵਿਚ ਵਿਸ਼ੇਸ਼ ਤੌਰ ‘ਤੇ ਜੈਵਲਿਨ ਥਰੋਅ ਵਿਚ ਨੀਰਜ ਚੋਪੜਾ ਨੇ ਭਾਰਤ ਨੂੰ ਪਹਿਲੀ ਵਾਰ ਅਥਲੈਟਿਕਸ ਵਿਚ ਸੋਨ ਤਗਮਾ ਦਿਵਾਇਆ। ਭਾਰਤ ਦੇ ਕਈ ਖਿਡਾਰੀ ਬੇਸ਼ੱਕ ਤਗਮਾ ਨਾ ਜਿੱਤ ਸਕੇ ਹੋਣ ਪਰ ਉਹ ਚੌਥੇ ਨੰਬਰ ‘ਤੇ ਜ਼ਰੂਰ ਰਹੇ ਹਨ।

ਖ਼ਾਸ ਕਰਕੇ ਮਹਿਲਾਵਾਂ ਦੀ ਹਾਕੀ ਟੀਮ ਚੌਥੇ ਨੰਬਰ ‘ਤੇ ਰਹੀ ਤੇ ਗੋਲਫ ਵਿਚ ਵੀ ਮਹਿਲਾ ਗੋਲਫਰ ਚੌਥੇ ਨੰਬਰ ‘ਤੇ ਰਹੀ। ਇਸ ਤਰ੍ਹਾਂ ਟੋਕੀਓ ਉਲੰਪਿਕ ਵਿਚ ਡਿਸਕਸ ਥ੍ਰੋਅਰ ਕਮਲਜੀਤ ਕੌਰ ਦਾ ਪ੍ਰਦਰਸ਼ਨ ਵੀ ਬਹੁਤ ਵਧੀਆ ਰਿਹਾ ਜੋ ਤਗਮਾ ਭਾਵੇਂ ਨਹੀਂ ਜਿੱਤ ਸਕੀ ਪਰ ਉਸ ਨੇ ਲੋਕਾਂ ਦੇ ਦਿਲ ਜ਼ਰੂਰ ਜਿੱਤ ਲਏ।

ਟੀਵੀ ਪੰਜਾਬ ਬਿਊਰੋ