ਭਾਰਤ ਅਤੇ ਕੈਨੇਡਾ ਦੇ ਵਿਗੜੇ ਰਿਸ਼ਤਿਆਂ ’ਤੇ ਅਮਰੀਕਾ ਨੇ ਪ੍ਰਗਟਾਈ ਚਿੰਤਾ, ਜਾਂਚ ਦੀ ਕੀਤੀ ਮੰਗ

Washington- ਭਾਰਤ ਅਤੇ ਕੈਨੇਡਾ ਵਿਚਾਲੇ ਕੂਟਨੀਤਿਕ ਸੰਬੰਧ ਕਾਫ਼ੀ ਤਣਾਅ ਭਰੇ ਦੌਰ ’ਚੋਂ ਲੰਘ ਰਹੇ ਹਨ। ਕੈਨੇਡੀਆਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦਾ ਦੋਸ਼ ਭਾਰਤ ’ਤੇ ਲਗਾਇਆ ਗਿਆ ਹੈ, ਜਦਕਿ ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ। ਹਾਲਾਂਕਿ ਇਸ ਮਾਮਲੇ ’ਚ ਅਮਰੀਕਾ ਦੀ ਐਂਟਰੀ ਹੋ ਗਈ ਹੈ ਅਤੇ ਉਸ ਵਲੋਂ ਕੈਨੇਡਾ ਦਾ ਪੱਖ ਲਿਆ ਜਾ ਰਿਹਾ ਹੈ।
ਅਮਰੀਕਾ ਦਾ ਕਹਿਣਾ ਹੈ ਕਿ ਉਹ ਕੈਨੇਡਾ ਵਲੋਂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ’ਚ ਭਾਰਤ ਦੀ ਸੰਭਾਵਿਤ ਸ਼ਮੂਲੀਅਤ ਬਾਰੇ ਲਾਏ ਗਏ ਦੋਸ਼ਾਂ ਤੋਂ ਬੇਹੱਦ ਚਿੰਤਿਤ ਹਨ। ਅਮਰੀਕਾ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਨਿਰੰਤਰ ਅਤੇ ਡੂੰਘੀ ਜਾਂਚ ਚਾਹੁੰਦੇ ਹਨ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਕਿਹਾ ਕਿ ਅਸੀਂ ਕੈਨੇਡੀਆਈ ਪ੍ਰਧਾਨ ਮੰਤਰੀ ਜਸਟਿਨ ਵਲੋਂ ਭਾਰਤ ਵਿਰੁੱਧ ਲਾਏ ਗਏ ਦੋਸ਼ਾਂ ਤੋਂ ਬੇਹੱਦ ਚਿੰਤਿਤ ਹਾਂ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਆਪਣੇ ਕੈਨੇਡੀਅਨ ਸਹਿਯੋਗੀਆਂ ਦੇ ਸੰਪਰਕ ’ਚ ਹਨ।
ਮੈਥਿਊ ਮਿਲਰ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਕੈਨੇਡਾ ਆਪਣੀ ਜਾਂਚ ਨੂੰ ਅੱਗੇ ਵਧਾਵੇ ਅਤੇ ਅਪਰਾਧੀਆਂ ਨੂੰ ਨਿਆਂ ਦੇ ਕਟਹਿਰੇ ’ਚ ਲਿਆਵੇ। ਅਸੀਂ ਨਿੱਜੀ ਅਤੇ ਜਨਤਕ ਤੌਰ ’ਤੇ ਭਾਰਤ ਸਰਕਾਰ ਨੂੰ ਕੈਨੇਡਾ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।
ਉੱਧਰ ਕੈਲੇਫੋਰਨੀਆ ਦੀ ਪ੍ਰਤੀਨਿਧਤਾ ਕਰਨ ਵਾਲੇ ਅਮਰੀਕੀ ਸਦਨ ਦੇ ਮੈਂਬਰ ਜਿਮ ਕੋਸਟਾ ਨੇ ਵੀ ਨਿੱਝਰ ਦੀ ਹੱਤਿਆ ’ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਮੈਂ ਹਾਊਸ ਆਫ਼ ਫਾਰਨ ਅਫੇਅਰਜ਼ ਕਮੇਟੀ ਦੇ ਮੈਂਬਰ ਦੇ ਰੂਪ ’ਚ ਇੱਕ ਅਧਿਕਾਰਕ ਬ੍ਰੀਫ਼ਿੰਗ ਦੀ ਅਪੀਲ ਕੀਤੀ ਹੈ। ਸਾਨੂੰ ਜਾਂਚ ਪੂਰੀ ਕਰਨੀ ਚਾਹੀਦੀ ਹੈ ਤਾਂ ਕਿ ਹੱਤਿਆ ਕਰਨ ਵਾਲਿਆਂ ਦਾ ਪਤਾ ਲੱਗ ਸਕੇ।
ਇਸ ਤੋਂ ਪਹਿਲਾਂ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਸੀ ਕਿ ਉਨ੍ਹਾਂ ਨੇ ਇਸ ਮਾਮਲੇ ’ਚ ਭਾਰਤ ਸਰਕਾਰ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਲਗਾਤਾਰ ਕੈਨੇਡਾ ਨਾਲ ਸੰਪਰਕ ’ਚ ਹਨ। ਬਲਿੰਕਨ ਨੇ ਕਿਹਾ ਸੀ ਕਿ ਨਿੱਝਰ ਦੀ ਹੱਤਿਆ ਦੇ ਦੋਸ਼ੀਆਂ ਦਾ ਪਤਾ ਲਗਾਇਆ ਜਾਣਾ ਚਾਹੀਦਾ ਹੈ ਅਤੇ ਅਸੀਂ ਜਵਾਬਦੇਹੀ ਦੇਖਣਾ ਚਾਹੁੰਦੇ ਹਾਂ।