New Delhi- ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡਾ ਦੇ ਪ੍ਰਧਾਨ ਜਸਟਿਨ ਟਰੂਡੋ ਵਿਚਾਲੇ ਦੁਵੱਲੀ ਗੱਲਬਾਤ ਹੋਈ। ਇਸ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੈਨੇਡਾ ’ਚ ਭਾਰਤ ਵਿਰੋਧੀ ਤਾਕਤਾਂ ਗ਼ੈਰ-ਕਾਨੂੰਨੀ ਕੰਮਾਂ ’ਚ ਕਿਰਿਆਸ਼ੀਲ ਹੈ ਅਤੇ ਇਹ ਕੈਨੇਡਾ ਦੇ ਹਿੱਤਾਂ ਲਈ ਵੀ ਖ਼ਤਰਾ ਹੋ ਸਕਦੀ ਹੈ।
ਟਰੂਡੋ, ਭਾਰਤ ’ਚ ਆਯੋਜਿਤ ਜੀ.-20 ਸਿਖਰ ਸੰਮੇਲਨ ’ਚ ਸ਼ਾਮਿਲ ਹੋਣ ਲਈ ਨਵੀਂ ਦਿੱਲੀ ਪਹੁੰਚੇ ਸਨ। ਐਤਵਾਰ ਨੂੰ ਦੋਹਾਂ ਦੋਸ਼ਾਂ ਦੇ ਨੇਤਾਵਾਂ ਵਿਚਾਲੇ ਗੱਲਬਾਤ ਹੋਈ, ਜਿਸ ’ਚ ਪ੍ਰਧਾਨ ਮੰਤਰੀ ਮੋਦੀ ਵਲੋਂ ਵੱਖਵਾਦ ਦਾ ਮੁੱਦਾ ਚੁੱਕਿਆ ਗਿਆ। ਵਿਦੇਸ਼ ਮੰਤਰਾਲੇ ਵਲੋਂ ਇਸ ਗੱਲਬਾਤ ਬਾਰੇ ਦਿੱਤੀ ਗਈ ਜਾਣਕਾਰੀ ਮੁਤਾਬਕ ਮੋਦੀ ਨੇ ਇਸ ਗੱਲ ’ਤੇ ਚਾਨਣਾ ਪਾਇਆ ਕਿ ਭਾਰਤ-ਕੈਨੇਡਾ ਸੰਬੰਧ ਸਾਂਝੇ ਲੋਕਤੰਤਰੀ ਮੁੱਲਾਂ, ਕਾਨੂੰਨਾਂ ਦੇ ਸ਼ਾਸਨ ਪ੍ਰਤੀ ਆਦਰ ਅਤੇ ਲੋਕਾਂ ਵਿਚਾਲੇ ਮਜ਼ਬੂਤ ਸੰਬੰਧਾਂ ’ਤੇ ਅਧਾਰਿਤ ਹਨ।
ਬਿਆਨ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਨੇ ਕੈਨੇਡਾ ’ਚ ਖਾੜਕੂ ਤੱਤਾਂ ਦੀਆਂ ਜਾਰੀ ਭਾਰਤ-ਵਿਰੋਧੀ ਸਰਗਮੀਆਂ ਦੇ ਬਾਰੇ ’ਚ ਭਾਰਤ ਸਖ਼ਤ ਚਿੰਤਾਵਾਂ ਤੋਂ ਜਾਣੂੰ ਕਰਾਇਆ। ਇਹ ਤੱਤ ਵੱਖਵਾਦ ਨੂੰ ਹੁਲਾਰਾ ਦੇ ਰਹੇ ਹਨ, ਭਾਰਤੀ ਡਿਪਲੋਮੈਟਾਂ ਵਿਰੁੱਧ ਹਿੰਸਾ ਭੜਕਾਅ ਰਹੇ ਹਨ, ਡਿਪਲੋਮੈਟ ਕੰਪਲੈਕਸਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ।
ਵਿਦੇਸ਼ ਮੰਤਰਾਲੇ ਵਲੋਂ ਬਿਆਨ ’ਚ ਅੱਗੇ ਦੱਸਿਆ ਗਿਆ ਕਿ ਸੰਗਠਿਤ ਅਪਰਾਧ, ਡਰੱਗ ਸਿੰਡੀਕੇਟ ਅਤੇ ਮਨੁੱਖੀ ਤਸਕਰੀ ਦੇ ਨਾਲ ਅਜਿਹੀਆਂ ਤਾਕਤਾਂ ਦਾ ਗਠਜੋੜ ਕੈਨੇਡਾ ਲਈ ਵੀ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ। ਅਜਿਹੇ ਖ਼ਤਰਿਆਂ ਨਾਲ ਨਜਿੱਠਣ ਲਈ ਦੋਹਾਂ ਦੇਸ਼ਾਂ ਲਈ ਸਹਿਯੋਗ ਕਰਨਾ ਜ਼ਰੂਰੀ ਹੈ।
ਮੰਤਰਾਲੇ ਨੇ ਇਹ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ-ਕੈਨੇਡਾ ਦੇ ਰਿਸ਼ਤਿਆਂ ਦੀ ਤਰੱਕੀ ਲਈ ਆਪਸੀ ਸਨਮਾਨ ਅਤੇ ਵਿਸ਼ਵਾਸ ’ਤੇ ਅਧਾਰਿਤ ਸੰਬੰਧ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਚਾਨਣਾ ਪਾਈ ਕਿ ਭਾਰਤ-ਕੈਨੇਡਾ ਰਿਸ਼ਤੇ ਲਾਂਝੇ ਲੋਕਤੰਤਰੀ ਮੁੱਲਾਂ, ਕਾਨੂੰਨ ਦੇ ਸ਼ਾਸਨ ਪ੍ਰਤੀ ਸਨਮਾਨ ਅਤੇ ਲੋਕਾਂ ਵਿਚਾਲੇ ਮਜ਼ਬੂਤ ਸੰਬੰਧਾਂ ’ਤੇ ਅਧਾਰਿਤ ਹਨ।
ਦੱਸਣਯੋਗ ਹੈ ਕਿ ਹਾਲ ਹੀ ਦੇ ਸਮੇਂ ’ਚ ਕੈਨੇਡਾ ’ਚ ਖ਼ਾਲਿਸਤਾਨੀ ਸਮਰਥਕਾਂ ਦੇ ਸਮੂਹਾਂ ਦੀਆਂ ਸਰਗਮੀਆਂ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਤਣਾਅਪੂਰਨ ਹੋ ਗਏ ਹਨ।