ਡੈਸਕ- ਖਬਰ ਥੌੜੀ ਹੈਰਾਨ ਕਰਨ ਵਾਲੀ ਹੈ ਪਰ ਇਹ ਸੱਚ ਹੈ ਕਿ ਕੈਨੇਡਾ ਨਹੀਂ ਬਲਕਿ ਅਮਰੀਕਾ ਭਾਰਤੀ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ । ਇਹ ਖੁਲਾਸਾ ਖੁਦ ਅਮਰੀਕਾ ਵਲੋਂ ਕੀਤਾ ਗਿਆ ਹੈ । ਭਾਰਤ ਤੋਂ ਅਮਰੀਕਾ ਵਿੱਚ ਪੜ੍ਹਨ ਦੀ ਇੱਛਾ ਰੱਖਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਉਚੇਰੀ ਸਿੱਖਿਆ ਹਾਸਿਲ ਕਰਨ ਦੇ ਲਈ ਵੈਸੇ ਤਾਂ ਭਾਰਤੀ ਵਿਦਿਆਰਥੀ ਦੁਨੀਆ ਦੇ ਕਈ ਦੇਸ਼ਾਂ ਵਿੱਚ ਜਾਂਦੇ ਹਨ, ਪਰ ਅਮਰੀਕਾ ਉਨ੍ਹਾਂ ਦੀ ਵੱਡੀ ਪਸੰਦ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ। ਇਸਦੀ ਵੱਡੀ ਉਦਾਹਰਣ ਇਹ ਹੈ ਕਿ ਅਮਰੀਕਾ ਨੇ 2022 ਵਿੱਚ ਭਾਰਤੀ ਵਿਦਿਆਰਥੀਆਂ ਨੂੰ ਕਰੀਬ 1,25,000 ਵਿਦਿਆਰਥੀ ਵੀਜ਼ੇ ਜਾਰੀ ਕੀਤੇ ਹਨ। ਇਹ ਵੀਜ਼ਾ ਜਾਰੀ ਕਰਨ ਦੇ ਰਿਕਾਰਡ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਖੁਦ ਅਮਰੀਕਾ ਵੱਲੋਂ ਅਧਿਕਾਰਿਕ ਤੌਰ ‘ਤੇ ਦਿੱਤੀ ਗਈ ਹੈ।
ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇਡ ਪ੍ਰਾਈਸ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਭਾਰਤ ਵਿੱਚ ਅਮਰੀਕੀ ਦੂਤਾਵਾਸ ਨੇ ਆਪਣਾ ਰਿਕਾਰਡ ਤੋੜਦੇ ਹੋਏ ਵਿੱਤੀ ਸਾਲ 2022 ਵਿੱਚ ਕਰੀਬ 1,25,000 ਵਿਦਿਆਰਥੀ ਵੀਜ਼ਾ ਜਾਰੀ ਕੀਤੇ। ਇਹ ਦਿਖਾਉਂਦਾ ਹੈ ਕਿ ਅਮਰੀਕਾ ਕਿਸ ਤਰ੍ਹਾਂ ਭਾਰਤੀ ਵਿਦਿਆਰਥੀਆਂ ਨੂੰ ਆਪਣੇ ਉੱਥੇ ਆਉਣ ਦੀ ਇਜਾਜ਼ਤ ਦੇ ਰਿਹਾ ਹੈ। ਹਰ ਸਾਲ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਉਚੇਰੀ ਸਿੱਖਿਆ ਲਈ ਅਮਰੀਕਾ ਦਾ ਰੁਖ ਕਰਦੇ ਹਨ।
ਨੇਡ ਪ੍ਰਾਈਸ ਤੋਂ ਜਦੋਂ ਭਾਰਤੀ ਸੈਲਾਨੀਆਂ ਦੇ ਲਈ ਵੀਜ਼ਾ ਬੈਕਲਾਗ ਨੂੰ ਘੱਟ ਕਰਨ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੇਰੀ ਹੋਣ ਦੀ ਗੱਲ ਨੂੰ ਸਵੀਕਾਰ ਕੀਤਾ ਤੇ ਕਿਹਾ ਕਿ ਭਾਰਤ ਵਿੱਚ ਸਾਡੇ ਦੂਤਾਵਾਸ ਨੇ ਇੱਕ ਵਿੱਤੀ ਸਾਲ 2022 ਵਿੱਚ ਜਾਰੀ ਕੀਤੇ ਗਏ ਸਟੂਡੈਂਟ ਵੀਜ਼ਾ ਦੀ ਗਿਣਤੀ ਦੇ ਆਪਣੇ ਰਿਕਾਰਡ ਨੂੰ ਤੋੜਿਆ ਹੈ। ਅਸੀਂ ਲਗਭਗ 1,25,000 ਸਟੂਡੈਂਟ ਵੀਜ਼ਾ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਅਸੀਂ ਨਿਸ਼ਚਿਤ ਰੂਪ ਨਾਲ ਇਨ੍ਹਾਂ ਗੱਲਾਂ ਨੂੰ ਜਾਣਦੇ ਹਾਂ ਕਿ ਕੁਝ ਬਿਨੈਕਾਰਾਂ ਨੂੰ ਹਾਲੇ ਵੀ ਵੀਜ਼ਾ ਦੇ ਲਈ ਲੰਬੇ ਇੰਤਜ਼ਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਅਸੀਂ ਵੀਜ਼ਾ ਇੰਟਰਵਿਊ ਵੇਟ ਟਾਈਮ ਨੂੰ ਘੱਟ ਕਰਨ ਦੇ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ।