IND-W vs AUS-W Warm-up Match: ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਦੱਖਣੀ ਅਫਰੀਕਾ ਵਿੱਚ ਮਹਿਲਾ T20 ਵਿਸ਼ਵ ਕੱਪ ਦੇ ਮੁੱਖ ਮੈਚਾਂ ਤੋਂ ਪਹਿਲਾਂ ਖੇਡੇ ਗਏ ਅਭਿਆਸ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸੋਮਵਾਰ ਨੂੰ ਖੇਡੇ ਗਏ ਮੈਚ ‘ਚ ਭਾਰਤੀ ਮਹਿਲਾ ਟੀਮ ਨੂੰ ਆਸਟ੍ਰੇਲੀਆ ਹੱਥੋਂ 44 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਆਸਟ੍ਰੇਲੀਆ ਨੇ ਭਾਰਤ ਦੇ ਸਾਹਮਣੇ ਜਿੱਤ ਲਈ 130 ਦੌੜਾਂ ਦਾ ਟੀਚਾ ਰੱਖਿਆ ਸੀ ਪਰ ਭਾਰਤੀ ਟੀਮ 85 ਦੌੜਾਂ ‘ਤੇ ਹੀ ਢੇਰ ਹੋ ਗਈ।
ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ ਅੱਠ ਵਿਕਟਾਂ ’ਤੇ 129 ਦੌੜਾਂ ਬਣਾਈਆਂ। ਬੈਥ ਮੂਨੀ ਨੇ 28 ਦੌੜਾਂ, ਏ ਗਾਰਡਨਰ ਨੇ 22 ਦੌੜਾਂ, ਜਾਰਜੀਆ ਵਾਰੇਹਮ ਨੇ 32 ਦੌੜਾਂ (17 ਗੇਂਦਾਂ) ਅਤੇ ਜੇ ਜੌਹਨਸਨ ਨੇ 22 ਦੌੜਾਂ (14 ਗੇਂਦਾਂ) ਬਣਾਈਆਂ। ਭਾਰਤ ਲਈ ਸ਼ਿਖਾ ਪਾਂਡੇ, ਪੂਜਾ ਵਸਤਰਕਾਰ ਅਤੇ ਰਾਧਾ ਯਾਦਵ ਨੇ ਦੋ-ਦੋ ਵਿਕਟਾਂ ਲਈਆਂ।
ਟੀਚੇ ਦਾ ਪਿੱਛਾ ਕਰਨ ਆਈ ਭਾਰਤੀ ਟੀਮ ਦੇ ਬੱਲੇਬਾਜ਼ਾਂ ਨੇ ਪੂਰੀ ਤਰ੍ਹਾਂ ਨਿਰਾਸ਼ ਕੀਤਾ। ਸ਼ੈਫਾਲੀ ਵਰਮਾ, ਸਮ੍ਰਿਤੀ ਮੰਧਾਨਾ ਸਮੇਤ ਸਾਰੇ ਬੱਲੇਬਾਜ਼ ਫਲਾਪ ਰਹੇ। ਸ਼ੈਫਾਲੀ ਵਰਮਾ ਨੇ ਦੋ ਦੌੜਾਂ ਬਣਾਈਆਂ, ਜਦਕਿ ਜੇਮਿਮਾ ਰੌਡਰਿਗਜ਼ ਅਤੇ ਸਮ੍ਰਿਤੀ ਮੰਧਾਨਾ ਖਾਤਾ ਵੀ ਨਹੀਂ ਖੋਲ੍ਹ ਸਕੀਆਂ। ਰਿਚਾ ਘੋਸ਼ ਨੇ ਪੰਜ ਦੌੜਾਂ ਅਤੇ ਯਸਤਿਕਾ ਭਾਟੀਆ ਨੇ ਸੱਤ ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਦੇ ਛੇ ਬੱਲੇਬਾਜ਼ 50 ਦੌੜਾਂ ਦੇ ਅੰਦਰ ਹੀ ਆਊਟ ਹੋ ਗਏ।
ਹਰਲੀਨ ਦਿਓਲ ਨੇ 12 ਦੌੜਾਂ ਦੀ ਪਾਰੀ ਖੇਡੀ। 61 ਦੌੜਾਂ ਦੇ ਸਕੋਰ ਤੱਕ ਪਹੁੰਚਦਿਆਂ ਭਾਰਤ ਨੇ ਨੌਂ ਵਿਕਟਾਂ ਗੁਆ ਦਿੱਤੀਆਂ। ਪੂਜਾ ਵਸਤਰਕਾਰ ਨੇ ਨੌਂ ਦੌੜਾਂ, ਸ਼ਿਖਾ ਪਾਂਡੇ ਅਤੇ ਰਾਧਾ ਯਾਦਵ ਨੇ 01-01 ਦੌੜਾਂ ਬਣਾਈਆਂ। ਦੀਪਤੀ ਸ਼ਰਮਾ ਅਤੇ ਅੰਜਲੀ ਸਰਵਾਨੀ ਨੇ ਆਖਰੀ ਵਿਕਟ ਲਈ 24 ਦੌੜਾਂ ਦੀ ਸਾਂਝੇਦਾਰੀ ਕੀਤੀ। ਭਾਰਤੀ ਟੀਮ 15 ਓਵਰਾਂ ‘ਚ 85 ਦੌੜਾਂ ਦੇ ਸਕੋਰ ‘ਤੇ ਢਹਿ ਗਈ। ਅੰਜਲੀ ਸਰਵਾਨੀ ਨੇ 11 ਦੌੜਾਂ ਬਣਾਈਆਂ ਜਦਕਿ ਦੀਪਤੀ ਸ਼ਰਮਾ 19 ਦੌੜਾਂ ਬਣਾ ਕੇ ਅਜੇਤੂ ਰਹੀ।
ਸਿਰਫ਼ ਤਿੰਨ ਭਾਰਤੀ ਬੱਲੇਬਾਜ਼ ਹੀ ਦੋਹਰਾ ਅੰਕੜਾ ਪਾਰ ਕਰ ਸਕੇ। ਆਸਟ੍ਰੇਲੀਆ ਲਈ ਡਾਰਸੀ ਬ੍ਰਾਊਨ ਨੇ ਚਾਰ ਵਿਕਟਾਂ ਲਈਆਂ ਜਦਕਿ ਐਸ਼ਲੇ ਗਾਰਡਨਰ ਨੂੰ ਦੋ ਸਫਲਤਾਵਾਂ ਮਿਲੀਆਂ।
ਹੋਰ ਅਭਿਆਸ ਮੈਚਾਂ ਵਿੱਚ, ਨਿਊਜ਼ੀਲੈਂਡ ਨੇ ਵੈਸਟਇੰਡੀਜ਼ ਨੂੰ ਹਰਾਇਆ, ਸ਼੍ਰੀਲੰਕਾ ਨੇ ਆਇਰਲੈਂਡ ਨੂੰ ਹਰਾਇਆ, ਇੰਗਲੈਂਡ ਨੇ ਮੇਜ਼ਬਾਨ ਦੱਖਣੀ ਅਫਰੀਕਾ ਨੂੰ ਅਤੇ ਪਾਕਿਸਤਾਨ ਨੇ ਬੰਗਲਾਦੇਸ਼ ਨੂੰ ਹਰਾਇਆ। ਭਾਰਤੀ ਟੀਮ ਆਪਣਾ ਅਗਲਾ ਅਭਿਆਸ ਮੈਚ 8 ਫਰਵਰੀ ਨੂੰ ਬੰਗਲਾਦੇਸ਼ ਖਿਲਾਫ ਖੇਡੇਗੀ। ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਭਾਰਤ ਨੇ ਆਪਣਾ ਪਹਿਲਾ ਮੈਚ 12 ਫਰਵਰੀ ਨੂੰ ਪਾਕਿਸਤਾਨ ਖ਼ਿਲਾਫ਼ ਖੇਡਣਾ ਹੈ।