India Women vs Australia Women: ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦੇ ਦੂਜੇ ਮੈਚ ਵਿੱਚ ਅੱਜ ਆਸਟਰੇਲੀਆਈ ਟੀਮ ਨੂੰ ਸੁਪਰ ਓਵਰ ਵਿੱਚ ਹਰਾ ਦਿੱਤਾ। ਭਾਰਤ ਨੇ ਸੁਪਰ ਓਵਰ ‘ਚ 1 ਵਿਕਟ ‘ਤੇ 20 ਦੌੜਾਂ ਬਣਾਈਆਂ ਅਤੇ ਫਿਰ ਆਸਟ੍ਰੇਲੀਆ ਨੂੰ 1 ਵਿਕਟ ‘ਤੇ 16 ਦੌੜਾਂ ‘ਤੇ ਰੋਕ ਦਿੱਤਾ। ਇਸ ਸਾਲ ਟੀ-20 ‘ਚ ਆਸਟ੍ਰੇਲੀਆ ਦੀ ਇਹ ਪਹਿਲੀ ਹਾਰ ਹੈ।
ਮੁੰਬਈ ਦੇ ਡੀਵਾਈ ਪਾਟਿਲ ਸਪੋਰਟਸ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ। ਆਸਟ੍ਰੇਲੀਆ ਨੇ ਬੇਥ ਮੂਨੀ ਅਤੇ ਤਾਲੀਆ ਮੈਕਗ੍ਰਾ ਦੇ ਤੂਫਾਨੀ ਅਰਧ ਸੈਂਕੜਿਆਂ ਦੀ ਮਦਦ ਨਾਲ ਭਾਰਤ ਦੇ ਸਾਹਮਣੇ 188 ਦੌੜਾਂ ਦਾ ਟੀਚਾ ਰੱਖਿਆ। ਆਸਟ੍ਰੇਲੀਆ ਨੇ 20 ਓਵਰਾਂ ‘ਚ 1 ਵਿਕਟ ‘ਤੇ 187 ਦੌੜਾਂ ਬਣਾਈਆਂ। ਮੂਨੀ ਨੇ 54 ਗੇਂਦਾਂ ‘ਤੇ 13 ਚੌਕਿਆਂ ਦੀ ਮਦਦ ਨਾਲ ਨਾਬਾਦ 82 ਅਤੇ ਮੈਕਗ੍ਰਾ ਨੇ 51 ਗੇਂਦਾਂ ‘ਤੇ 10 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ ਅਜੇਤੂ 70 ਦੌੜਾਂ ਬਣਾਈਆਂ। ਦੋਵਾਂ ਨੇ ਦੂਜੇ ਵਿਕਟ ਲਈ 150 ਤੋਂ ਵੱਧ ਦੌੜਾਂ ਦੀ ਸਾਂਝੇਦਾਰੀ ਕੀਤੀ।
ਜਵਾਬ ‘ਚ ਭਾਰਤੀ ਟੀਮ ਨੇ ਵੀ 20 ਓਵਰਾਂ ‘ਚ 5 ਵਿਕਟਾਂ ‘ਤੇ 187 ਦੌੜਾਂ ਬਣਾਈਆਂ ਅਤੇ ਮੈਚ ਟਾਈ ਹੋ ਗਿਆ। ਭਾਰਤ ਲਈ ਸਮ੍ਰਿਤੀ ਮੰਧਾਨਾ ਨੇ 79, ਰਿਚਾ ਘੋਸ਼ ਨੇ 13 ਗੇਂਦਾਂ ਵਿੱਚ ਨਾਬਾਦ 26, ਸ਼ੈਫਾਲੀ ਵਰਮਾ ਨੇ 34 ਅਤੇ ਦੇਵਿਕਾ ਵੈਦਿਆ ਨੇ 5 ਗੇਂਦਾਂ ਵਿੱਚ ਨਾਬਾਦ 11 ਦੌੜਾਂ ਬਣਾਈਆਂ।