ਜਲੰਧਰ: ਰਾਜਸਥਾਨ ਰਾਇਲਜ਼ (ਆਰਆਰ) ਦੇ ਮੁਸ਼ਕਲ ਵਿੱਚ ਹੋਣ ਦੇ ਬਾਵਜੂਦ ਸ਼ਾਨਦਾਰ ਫਾਰਮ ਵਿੱਚ ਚੱਲ ਰਹੇ ਰਿਆਨ ਪਰਾਗ ਨੇ ਟੀਮ ਨੂੰ ਚੰਗੀ ਤਰ੍ਹਾਂ ਸੰਭਾਲਿਆ ਅਤੇ ਸੀਜ਼ਨ ਦੀ ਆਪਣੀ ਦੂਜੀ ਜਿੱਤ ਦਿਵਾਈ। ਉਸ ਨੇ 45 ਗੇਂਦਾਂ ਵਿੱਚ ਨਾਬਾਦ 84 ਦੌੜਾਂ ਬਣਾਈਆਂ, ਜਿਸ ਵਿੱਚ 7 ਚੌਕੇ ਅਤੇ 6 ਛੱਕੇ ਸ਼ਾਮਲ ਸਨ। ਇਸ ਦੌਰਾਨ ਉਨ੍ਹਾਂ ਨੇ ਪਾਰੀ ਦੇ 20ਵੇਂ ਓਵਰ ਵਿੱਚ ਦਿੱਲੀ ਦੇ ਸਟਾਰ ਤੇਜ਼ ਗੇਂਦਬਾਜ਼ ਐਨਰਿਚ ਨੌਰਖੀਆ ਨੂੰ ਇਸ ਤਰ੍ਹਾਂ ਕੁੱਟਿਆ, ਜੋ ਦਿੱਲੀ ਦੀ ਹਾਰ ਦਾ ਮੁੱਖ ਕਾਰਨ ਬਣਿਆ।
ਪਰਾਗ ਨੇ ਇਨ੍ਹਾਂ 6 ਗੇਂਦਾਂ ‘ਤੇ 25 ਦੌੜਾਂ ਬਣਾਈਆਂ, ਜਿਸ ‘ਚ 2 ਛੱਕੇ ਅਤੇ 3 ਚੌਕੇ ਸ਼ਾਮਲ ਸਨ। ਦਿੱਲੀ ਦੀ ਟੀਮ ਇਸ ਹਾਰ ਤੋਂ ਬਾਅਦ ਬੱਲੇਬਾਜ਼ੀ ‘ਚ ਵੀ ਸੰਭਲ ਨਹੀਂ ਸਕੀ ਅਤੇ 12 ਦੌੜਾਂ ਨਾਲ ਮੈਚ ਹਾਰ ਗਈ। ਉਸ ਦੇ ਤਰਫ ਟ੍ਰਿਸਟਨ ਸਟੱਬਸ (44*), ਡੇਵਿਡ ਵਾਰਨਰ (49) ਨੇ ਟੀਮ ਲਈ ਦੌੜਾਂ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਦੋਵੇਂ ਟੀਮ ਨੂੰ ਜਿੱਤ ਵੱਲ ਨਹੀਂ ਲੈ ਜਾ ਸਕੇ।
ਇਹ ਰਿਆਨ ਪਰਾਗ ਦਾ ਆਈਪੀਐਲ ਕਰੀਅਰ ਦਾ ਸਰਵੋਤਮ ਸਕੋਰ ਹੈ। ਆਸਾਮ ਦੇ ਇਸ 22 ਸਾਲ ਦੇ ਨੌਜਵਾਨ ਬੱਲੇਬਾਜ਼ ਨੇ ਆਪਣੀ ਵਿਸਫੋਟਕ ਪਾਰੀ ਦੀ ਬਦੌਲਤ ਆਖਰੀ 7 ਓਵਰਾਂ ‘ਚ ਟੀਮ ਦੀ ਝੋਲੀ ‘ਚ 92 ਦੌੜਾਂ ਦਾ ਯੋਗਦਾਨ ਪਾਇਆ। ਰਾਜਸਥਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜ ਵਿਕਟਾਂ ‘ਤੇ 185 ਦੌੜਾਂ ਬਣਾਉਣ ਤੋਂ ਬਾਅਦ ਦਿੱਲੀ ਦੀ ਪਾਰੀ ਨੂੰ ਪੰਜ ਵਿਕਟਾਂ ‘ਤੇ 173 ਦੌੜਾਂ ‘ਤੇ ਰੋਕ ਦਿੱਤਾ। ਮੌਜੂਦਾ ਆਈਪੀਐਲ ਸੀਜ਼ਨ ਵਿੱਚ ਨੌਂ ਮੈਚਾਂ ਵਿੱਚ ਘਰੇਲੂ ਟੀਮ ਦੀ ਇਹ ਨੌਵੀਂ ਜਿੱਤ ਹੈ।
ਰਾਜਸਥਾਨ ਦੀ ਦੋ ਮੈਚਾਂ ਵਿੱਚ ਇਹ ਦੂਜੀ ਜਿੱਤ ਹੈ, ਜਦਕਿ ਦਿੱਲੀ ਦੀ ਇਹ ਲਗਾਤਾਰ ਦੂਜੀ ਹਾਰ ਹੈ। ਦਿੱਲੀ ਲਈ ਟ੍ਰਿਸਟਨ ਸਟਬਸ ਨੇ 23 ਗੇਂਦਾਂ ‘ਚ 2 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ ਅਜੇਤੂ 44 ਦੌੜਾਂ ਬਣਾਈਆਂ, ਜਦਕਿ ਡੇਵਿਡ ਵਾਰਨਰ ਨੇ 34 ਗੇਂਦਾਂ ‘ਚ 5 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 49 ਦੌੜਾਂ ਬਣਾਈਆਂ।
ਵਾਰਨਰ ਨੇ ਆਪਣਾ 100ਵਾਂ ਆਈਪੀਐਲ ਮੈਚ ਖੇਡਦੇ ਹੋਏ ਕਪਤਾਨ ਰਿਸ਼ਭ ਪੰਤ ਦੇ ਨਾਲ ਤੀਜੇ ਵਿਕਟ ਲਈ 46 ਗੇਂਦਾਂ ਵਿੱਚ 67 ਦੌੜਾਂ ਦੀ ਸਾਂਝੇਦਾਰੀ ਕੀਤੀ, ਜਦਕਿ ਸਟੱਬਸ ਨੇ ਅਕਸ਼ਰ ਨਾਲ 27 ਗੇਂਦਾਂ ਵਿੱਚ 51 ਦੌੜਾਂ ਦੀ ਅਟੁੱਟ ਸਾਂਝੇਦਾਰੀ ਕਰਕੇ ਟੀਮ ਨੂੰ ਮੈਚ ਵਿੱਚ ਸੰਭਾਲਿਆ।
ਰਾਜਸਥਾਨ ਲਈ ਨੰਦਰੇ ਬਰਗਰ ਅਤੇ ਯੁਜਵੇਂਦਰ ਚਹਿਲ ਨੇ 2-2 ਵਿਕਟਾਂ ਲਈਆਂ ਪਰ ਅਵੇਸ਼ ਖਾਨ ਨੇ ਆਖਰੀ ਓਵਰਾਂ ਵਿੱਚ 17 ਦੌੜਾਂ ਦਾ ਬਚਾਅ ਕਰਦਿਆਂ ਸਟੱਬਸ ਅਤੇ ਅਕਸ਼ਰ ਦੇ ਸਾਹਮਣੇ ਸਿਰਫ ਚਾਰ ਦੌੜਾਂ ਹੀ ਖਰਚ ਕੀਤੀਆਂ।
ਇਕ ਸਮੇਂ ਰਾਜਸਥਾਨ ਦੀ ਟੀਮ 8 ਓਵਰਾਂ ਦੇ ਬਾਅਦ 38 ਦੌੜਾਂ ‘ਤੇ ਤਿੰਨ ਵਿਕਟਾਂ ਗੁਆ ਕੇ ਸੰਘਰਸ਼ ਕਰ ਰਹੀ ਸੀ ਪਰ ਮੈਨ ਆਫ ਦਾ ਮੈਚ ਰੇਆਨ ਨੇ ਰਵੀਚੰਦਰਨ ਅਸ਼ਵਿਨ (19 ਗੇਂਦਾਂ ‘ਤੇ 29 ਦੌੜਾਂ) ਦੇ ਨਾਲ ਮਿਲ ਕੇ ਚੌਥੀ ਵਿਕਟ ਲਈ 37 ਗੇਂਦਾਂ ‘ਤੇ 54 ਦੌੜਾਂ ਦੀ ਸਾਂਝੇਦਾਰੀ ਕੀਤੀ। ਧਰੁਵ ਜੁਰੇਲ (12 ਗੇਂਦਾਂ ਵਿੱਚ 20 ਦੌੜਾਂ) ਦੇ ਨਾਲ 23 ਗੇਂਦਾਂ ਵਿੱਚ 52 ਦੌੜਾਂ ਦੀ ਹਮਲਾਵਰ ਸਾਂਝੇਦਾਰੀ ਕਰਕੇ ਮੈਚ ਵਿੱਚ ਵਾਪਸੀ ਕੀਤੀ।