ਆਈਸੀਸੀ ਨੇ ਬੁੱਧਵਾਰ ਨੂੰ ਤਾਜ਼ਾ ਟੈਸਟ ਰੈਂਕਿੰਗ ਜਾਰੀ ਕੀਤੀ ਹੈ। ਭਾਰਤ ਦੇ ਨੌਜਵਾਨ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਗੇਂਦਬਾਜ਼ਾਂ ਦੀ ਰੈਂਕਿੰਗ ‘ਚ ਚੌਥੇ ਸਥਾਨ ‘ਤੇ ਪਹੁੰਚ ਗਏ ਹਨ। ਬੈਂਗਲੁਰੂ ਟੈਸਟ ‘ਚ ਕੁਲ 8 ਵਿਕਟਾਂ ਲੈਣ ਵਾਲੇ ਬੁਮਰਾਹ ਨੇ ਇਸ ਰੈਂਕਿੰਗ ‘ਚ 6 ਸਥਾਨਾਂ ਦੀ ਛਲਾਂਗ ਲਗਾਈ ਹੈ। ਜੇਕਰ ਬੱਲੇਬਾਜ਼ਾਂ ਦੀ ਰੈਂਕਿੰਗ ਦੀ ਗੱਲ ਕਰੀਏ ਤਾਂ ਚੋਟੀ ਦੇ 10 ‘ਚ ਤਿੰਨ ਭਾਰਤੀ ਖਿਡਾਰੀ ਹਨ ਪਰ ਵਿਰਾਟ ਕੋਹਲੀ ਨੂੰ 4 ਸਥਾਨ ਦਾ ਨੁਕਸਾਨ ਹੋਇਆ ਹੈ।
ਘਰ ‘ਤੇ ਪਹਿਲੀ ਵਾਰ 5 ਵਿਕਟਾਂ ਲੈਣ ਵਾਲੇ ਬੁਮਰਾਹ ਨੇ ਸ਼ਾਹੀਨ ਅਫਰੀਦੀ, ਕਾਇਲ ਜੈਮੀਸਨ, ਟਿਮ ਸਾਊਦੀ, ਜੇਮਸ ਐਂਡਰਸਨ, ਨੀਲ ਵੇਗਨਰ ਅਤੇ ਜੋਸ਼ ਹੇਜ਼ਲਵੁੱਡ ਨੂੰ ਪਿੱਛੇ ਛੱਡ ਦਿੱਤਾ। ਗੇਂਦਬਾਜ਼ਾਂ ਦੀ ਸਿਖਰ 10 ਰੈਂਕਿੰਗ ਵਿੱਚ ਕੁੱਲ ਦੋ ਭਾਰਤੀ ਗੇਂਦਬਾਜ਼ ਸ਼ਾਮਲ ਹਨ। ਬੁਮਰਾਹ ਤੋਂ ਇਲਾਵਾ ਰਵੀਚੰਦਰਨ ਅਸ਼ਵਿਨ ਇੱਥੇ ਦੂਜੇ ਸਥਾਨ ‘ਤੇ ਬਰਕਰਾਰ ਹਨ।
ਰਵੀਚੰਦਰਨ ਅਸ਼ਵਿਨ ਦੇ ਇਸ ਰੈਂਕਿੰਗ ‘ਚ 850 ਰੇਟਿੰਗ ਅੰਕ ਹਨ, ਜਦਕਿ ਨੰਬਰ ਇਕ ‘ਤੇ ਕਾਬਜ਼ ਆਸਟ੍ਰੇਲੀਆਈ ਟੈਸਟ ਕਪਤਾਨ ਪੈਟ ਕਮਿੰਸ 892 ਰੇਟਿੰਗ ਅੰਕਾਂ ਨਾਲ ਚੋਟੀ ‘ਤੇ ਹੈ। ਤੀਜੇ ਨੰਬਰ ‘ਤੇ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕਾਗਿਸੋ ਰਬਾਡਾ 835 ਅੰਕਾਂ ਨਾਲ ਆਪਣੇ ਸਥਾਨ ‘ਤੇ ਬਰਕਰਾਰ ਹਨ। ਬੁਮਰਾਹ ਦੇ ਹੁਣ 830 ਅੰਕ ਹਨ।
ਦੂਜੇ ਪਾਸੇ ਜੇਕਰ ਬੱਲੇਬਾਜ਼ਾਂ ਦੀ ਰੈਂਕਿੰਗ ਦੀ ਗੱਲ ਕਰੀਏ ਤਾਂ ਰੈਂਕਿੰਗ ‘ਚ ਸ਼੍ਰੀਲੰਕਾ ਦੇ ਕਪਤਾਨ ਦਿਮੁਥ ਕਰੁਣਾਰਤਨੇ ਨੂੰ ਭਾਰਤ ਖਿਲਾਫ ਸੈਂਕੜਾ ਲਗਾਉਣ ਦਾ ਫਾਇਦਾ ਹੈ। ਉਹ ਆਪਣੇ ਕਰੀਅਰ ਦੀ ਸਰਵੋਤਮ ਰੈਂਕਿੰਗ ਨੰਬਰ 3 ‘ਤੇ ਪਹੁੰਚ ਗਿਆ ਹੈ। ਬੱਲੇਬਾਜ਼ਾਂ ਦੀ ਸਿਖਰ 10 ਰੈਂਕਿੰਗ ਵਿੱਚ ਕੁੱਲ 3 ਭਾਰਤੀ ਖਿਡਾਰੀ ਸ਼ਾਮਲ ਹਨ।
ਇੱਥੇ ਕਪਤਾਨ ਰੋਹਿਤ ਸ਼ਰਮਾ ਛੇਵੇਂ ਸਥਾਨ ‘ਤੇ ਬਰਕਰਾਰ ਹੈ। ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਆਪਣਾ 10ਵਾਂ ਸਥਾਨ ਬਰਕਰਾਰ ਰੱਖਿਆ ਹੈ ਪਰ ਤਾਜ਼ਾ ਦਰਜਾਬੰਦੀ ‘ਚ ਵਿਰਾਟ ਕੋਹਲੀ 4 ਸਥਾਨ ਹੇਠਾਂ ਨੌਵੇਂ ਸਥਾਨ ‘ਤੇ ਆ ਗਿਆ ਹੈ। ਇਸ ਰੈਂਕਿੰਗ ‘ਚ ਆਸਟ੍ਰੇਲੀਆ ਦੇ ਨੌਜਵਾਨ ਬੱਲੇਬਾਜ਼ ਮਾਰਨਸ ਲਾਬੂਸ਼ੇਨ ਸਿਖਰ ‘ਤੇ ਹਨ।
ਜੇਕਰ ਆਲਰਾਊਂਡਰ ਖਿਡਾਰੀਆਂ ਦੀ ਰੈਂਕਿੰਗ ਦੀ ਗੱਲ ਕਰੀਏ ਤਾਂ ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਜੇਸਨ ਹੋਲਡਰ ਨੇ ਮੁੜ ਆਪਣਾ ਪਹਿਲਾ ਸਥਾਨ ਹਾਸਲ ਕਰ ਲਿਆ ਹੈ। ਉਸ ਨੇ ਰਵਿੰਦਰ ਜਡੇਜਾ ਨੂੰ ਪਛਾੜ ਦਿੱਤਾ ਹੈ, ਜੋ ਮੋਹਾਲੀ ਟੈਸਟ ‘ਚ ਅਜੇਤੂ 175 ਦੌੜਾਂ ਬਣਾ ਕੇ 9 ਵਿਕਟਾਂ ਲੈ ਕੇ ਸਿਖਰ ‘ਤੇ ਪਹੁੰਚ ਗਿਆ ਸੀ। ਇਸ ਰੈਂਕਿੰਗ ‘ਚ ਨੰਬਰ 3 ਤੋਂ ਟਾਪ 10 ‘ਚ ਕੋਈ ਬਦਲਾਅ ਨਹੀਂ ਹੋਇਆ ਹੈ। ਜਡੇਜਾ ਤੋਂ ਬਾਅਦ ਰਵੀਚੰਦਰਨ ਅਸ਼ਵਿਨ ਤੀਜੇ ਨੰਬਰ ‘ਤੇ ਬਣਿਆ ਹੋਇਆ ਹੈ।