ਅੰਮ੍ਰਿਤਸਰ- ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਸ਼੍ਰੋਮਣੀ ਕਮੇਟੀ ਨੂੰ ਕੀਤੀ ਗਈ ਪੇਸ਼ਕਸ਼ ‘ਤੇ ਸ਼੍ਰੀ ਅਕਾਲ ਤਖਤ
ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਆਇਆ ਹੈ । ਪੇਸ਼ਕਸ਼ ਲਈ ਜਥੇਦਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਹੈ ।ਜਥੇਦਾਰ ਹੋਰਾਂ ਦਾ ਕਹਿਣਾ ਹੈ ਕਿ ਉਹ ਮੁੱਖ ਮੰਤਰੀ ਦੀ ਭਾਵਨਾਵਾਂ ਦਾ ਸਤਿਕਾਰ ਕਰਦੇ ਹਨ ਪਰ ਗੁਰਬਾਣੀ ਦੇ ਪ੍ਰਚਾਰ ਲਈ ਕਮੇਟੀ ਕੋਲ ਪੈਸੇ ਦੀ ਕੋਈ ਘਾਟ ਨਹੀਂ ਹੈ । ਸਰਕਾਰ ਦੀ ਪੇਸ਼ਕਸ਼ ਬਾਬਤ ਉਨ੍ਹਾਂ ਵਿਦੇਸ਼ਾਂ ਚ ਬੈਠੀ ਸੰਗਤ ਨਾਲ ਵਿਚਾਰ ਵਿਟਾਂਦਰਾ ਕੀਤਾ ਹੈ । ਹਰੇਕ ਚੀਜ਼ ਸ਼੍ਰੋਮਣੀ ਕਮੇਟੀ ਵਲੋਂ ਖਰੀਦੀ ਜਾਵੇਗੀ । ਕਮੇਟੀ ਆਪਣਾ ਹੀ ਚੈਨਲ ਸ਼ੁਰੂ ਕਰਕੇ ਗੁਰਬਾਣੀ ਦਾ ਦੁਨੀਆ ਭਰ ਚ ਪ੍ਰਸਾਰਣ ਕਰੇਗੀ ।
ਉਨ੍ਹਾਂ ਸੀ.ਐੱਮ ਮਾਨ ਨੂੰ ਕਿਹਾ ਕਿ ਜੇਕਰ ਸਰਕਾਰ ਸਾਡੀ ਮਦਦ ਹੀ ਕਰਨਾ ਚਾਹੁੰਦੀ ਹੈ ਤਾਂ ਉਹ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਤੋਂ ਚੈਨਲ ਲਈ ਸ਼੍ਰੋਮਣੀ ਕਮੇਟੀ ਨੂੰ ਮੰਜ਼ੂਰੀ ਲੈ ਦੇਣ । ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕਮੇਟੀ ਆਪਣੇ ਪੱਧਰ ‘ਤੇ ਵੀ ਚੈਨਲ ਚਲਾਉਣ ਬਾਬਤ ਕੰਮ ਕਰ ਰਹੀ ਹੈ । ਚੈਨਲ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਤਕ ਕਮੇਟੀ ਦੇ ਆਈ.ਟੀ ਵਿੰਗ ਨੂੰ ਯੂ ਟਯੂਬ ‘ਤੇ ਗੁਰਬਾਣੀ ਦੇ ਪ੍ਰਸਾਰਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ । ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਕਮੇਟੀ ਦਾ ਚੈਨਲ 6 ਜੂਨ ਨੂੰ ਘੱਲੁਘਾਰਾ ਦਿਵਸ ਦਾ ਪ੍ਰਸਾਰਣ ਆਪਣੇ ਹੀ ਚੈਨਲ ‘ਤੇ ਕਰੇਗੀ ।
ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਨੇ ਸ਼੍ਰੋਮਣੀ ਕਮੇਟੀ ਨੂੰ ਗੁਰਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੈਮਰੇ ਅਤੇ ਹੋਰ ਸਮਾਨ ਦੇਣ ਦੀ ਪੇਸ਼ਕਸ਼ ਕੀਤੀ ਸੀ .ਸੀ.ਅੇੱਮ ਮਾਨ ਨੇ ਕਿਹਾ ਸੀ ਕਿ ਚੈਨਲਾਂ ਤੋਂ ਲੈ ਕੇ ਮੋਬਾਇਲ ਐਪ ਰਾਹੀਂ ਪੰਜਾਬ ਸਰਕਾਰ ਗੁਰਬਾਣੀ ਦਾ ਪ੍ਰਸਾਰਣ ਕਰਵਾਏਗੀ ।