ਹਾਲੀਵੁੱਡ ਸਟਾਰ ਮੈਥਿਊ ਪੇਰੀ ਦੇ ਦੇਹਾਂਤ ’ਤੇ ਟਰੂਡੋ ਵਲੋਂ ਦੁੱਖ ਦਾ ਪ੍ਰਗਟਾਵਾ

Ottawa- ਹਾਲੀਵੁੱਡ ਦੇ ਮਸ਼ਹੂਰ ਟੀਵੀ ਸ਼ੋਅ ‘ਫਰੈਂਡਜ਼’ ਤੋਂ ਪ੍ਰਸਿੱਧੀ ਹਾਸਲ ਕਰਨ ਵਾਲੇ ਅਦਾਕਾਰ ਮੈਥਿਊ ਪੇਰੀ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ। ਸੂਤਰਾਂ ਮੁਤਾਬਕ ਅਦਾਕਾਰ 29 ਅਕਤੂਬਰ ਨੂੰ ਲਾਸ ਏਂਜਲਸ ਸਥਿਤ ਆਪਣੇ ਘਰ ਦੇ ਹਾਟ ਵਾਟਰ ਪੂਲ ’ਚ ਮ੍ਰਿਤਕ ਮਿਲੇ ਸਨ। ਉਨ੍ਹਾਂ ਦੀ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮੈਥਿਊ ਦੇ ਅਚਾਨਕ ਦੇਹਾਂਤ ਨੇ ਦਰਸ਼ਕਾਂ ਦਾ ਦਿਲ ਤੋੜ ਕੇ ਰੱਖ ਦਿੱਤਾ ਅਤੇ ਅਦਾਕਾਰ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਨਜ਼ਰ ਆ ਰਹੇ ਹਨ। ਕਈ ਹਾਲੀਵੁੱਡ ਮਸ਼ਹੂਰ ਹਸਤੀਆਂ ਤੋਂ ਇਲਾਵਾ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੈਥਿਊ ਪੇਰੀ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਜਸਟਿਨ ਟਰੂਡੋ ਨੇ ਪੇਰੀ ਨਾਲ ਆਪਣੇ ਬਚਪਨ ਦੇ ਦਿਨਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਮੈਥਿਊ ਨੂੰ ਸ਼ਰਧਾਂਜਲੀ ਦਿੰਦਿਆਂ ਲਿਖਿਆ ਮੈਂ ਉਨ੍ਹਾਂ ਸਕੂਲੀ ਦਿਨਾਂ ਨੂੰ ਕਦੇ ਨਹੀਂ ਭੁੱਲਾਂਗਾ, ਜਦੋਂ ਅਸੀਂ ਇਕੱਠੇ ਖੇਡਦੇ ਸੀ। ਮੈਂ ਜਾਣਦਾ ਹਾਂ ਕਿ ਦੁਨੀਆ ਭਰ ਦੇ ਲੋਕ ਉਸ ਖੁਸ਼ੀ ਨੂੰ ਕਦੇ ਨਹੀਂ ਭੁੱਲਣਗੇ ਜੋ ਉਸ ਨੇ ਆਪਣੇ ਕੰਮ ਰਾਹੀਂ ਲਿਆਏ ਹਨ। ਸਾਰਿਆਂ ਨੂੰ ਹਸਾਉਣ ਲਈ ਧੰਨਵਾਦ। ਆਪਣੀ ਪੋਸਟ ’ਚ ਟਰੂਡੋ ਨੇ ਅੱਗੇ ਲਿਖਿਆ ਕਿ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ ਅਤੇ ਹਮੇਸ਼ਾ ਤੁਹਾਨੂੰ ਯਾਦ ਕਰਾਂਗੇ।
ਦਰਅਸਲ, ਜਸਟਿਨ ਟਰੂਡੋ ਅਤੇ ਅਦਾਕਾਰ ਮੈਥਿਊ ਪੇਰੀ ਸਕੂਲ ਤੋਂ ਹੀ ਦੋਸਤ ਸਨ। ਅਮਰੀਕਾ ਜਾਣ ਤੋਂ ਪਹਿਲਾਂ ਉਨ੍ਹਾਂ ਦੀ ਸ਼ੁਰੂਆਤੀ ਸਿੱਖਿਆ ਕੈਨੇਡਾ ’ਚ ਹੋਈ ਸੀ। ਇੱਕ ਸ਼ੋਅ ਦੌਰਾਨ ਮੈਥਿਊ ਪੇਰੀ ਨੇ ਖੁਲਾਸਾ ਕੀਤਾ ਸੀ ਕਿ ਉਸ ਨੇ ਆਪਣੇ ਦੋਸਤ ਨਾਲ ਮਿਲ ਕੇ ਕੈਨੇਡੀਅਨ ਪੀਐੱਮ ਟਰੂਡੋ ਦੀ ਸਕੂਲੀ ਦਿਨਾਂ ਦੌਰਾਨ ਕੁੱਟਮਾਰ ਕੀਤੀ ਸੀ। ਤੁਹਾਨੂੰ ਦੱਸ ਦੇਈਏ ਕਿ ਮੈਥਿਊ ਪੇਰੀ ਕੈਨੇਡੀਅਨ ਪੀਐਮ ਟਰੂਡੋ ਦੇ ਸਕੂਲ ਵਿੱਚ ਸੀਨੀਅਰ ਸਨ। ਮੈਥਿਊ ਨੇ ਇਹ ਵੀ ਕਿਹਾ ਕਿ ਸਕੂਲ ਵਿਚ ਉਹ ਇਕਲੌਤਾ ਵਿਦਿਆਰਥੀ ਸੀ ਜਿਸ ਨੂੰ ਉਹ ਹਰਾ ਸਕਦਾ ਸੀ। ਉਨ੍ਹਾਂ ਮਜ਼ਾਕ ਵਿਚ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਟਰੂਡੋ ਦੇ ਪ੍ਰਧਾਨ ਮੰਤਰੀ ਬਣਨ ਵਿਚ ਉਨ੍ਹਾਂ ਦੀ ਵੀ ਅਹਿਮ ਭੂਮਿਕਾ ਸੀ।