ਡੈਸਕ- ਪੰਜਾਬ ਦੇ ਫਿਰੋਜ਼ਪੁਰ ‘ਚ ਜੌਹਰੀ ਪਿਓ-ਪੁੱਤ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮੁਤਾਬਕ ਇੱਕ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਅਤੇ ਦੂਜੇ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਨੇ ਘਰੇਲੂ ਝਗੜੇ ਕਾਰਨ ਇਹ ਕਦਮ ਚੁੱਕਿਆ ਹੈ। ਪਿਤਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਫਰੀਦਕੋਟ ਮੈਡੀਕਲ ਕਾਲਜ ਵਿਖੇ ਰਖਵਾਇਆ ਗਿਆ ਹੈ, ਜਦਕਿ ਪੁੱਤਰ ਦੀ ਲਾਸ਼ ਅਜੇ ਤੱਕ ਨਹਿਰ ‘ਚੋਂ ਬਰਾਮਦ ਨਹੀਂ ਹੋਈ।
ਮ੍ਰਿਤਕਾਂ ਦੀ ਪਛਾਣ ਰਾਹੁਲ ਧਵਨ (32) ਵਾਸੀ ਧਰਮਪੁਰਾ ਅਤੇ ਉਸ ਦੇ ਪਿਤਾ ਰਜਿੰਦਰ ਧਵਨ (60) ਵਜੋਂ ਹੋਈ ਹੈ। ਬੁੱਧਵਾਰ ਸਵੇਰੇ ਦੋਵੇਂ ਪਿਓ-ਪੁੱਤ ਦੁਕਾਨ ‘ਤੇ ਗਏ ਹੋਏ ਸਨ। ਘਰੇਲੂ ਝਗੜੇ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋਇਆ ਸੀ। ਜਿਸ ਤੋਂ ਬਾਅਦ ਰਜਿੰਦਰ ਨੇ ਘਰ ਆ ਕੇ ਕੋਈ ਜ਼ਹਿਰੀਲੀ ਚੀਜ਼ ਖਾ ਲਈ, ਜਿਸ ਕਾਰਨ ਉਸਦੀ ਹਾਲਤ ਵਿਗੜ ਗਈ ਅਤੇ ਉਸਨੂੰ ਤੁਰੰਤ ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਉਸਦੀ ਹਾਲਤ ਗੰਭੀਰ ਹੋਣ ‘ਤੇ ਡਾਕਟਰਾਂ ਨੇ ਉਸਨੂੰ ਫ਼ਰੀਦਕੋਟ ਮੈਡੀਕਲ ਕਾਲਜ ਹਸਪਤਾਲ ਲਈ ਰੈਫ਼ਰ ਕਰ ਦਿੱਤਾ। ਇੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਜਿਵੇਂ ਹੀ ਉਸ ਨੂੰ ਆਪਣੇ ਪਿਤਾ ਦੀ ਮੌਤ ਦਾ ਪਤਾ ਲੱਗਾ ਤਾਂ ਰਾਹੁਲ ਨੇ ਫਿਰੋਜ਼ਪੁਰ-ਫ਼ਰੀਦਕੋਟ ਹਾਈਵੇਅ ਪਾਰ ਕਰਦੇ ਹੋਏ ਨਹਿਰ ਵਿੱਚ ਛਾਲ ਮਾਰ ਦਿੱਤੀ। ਅਜੇ ਤੱਕ ਉਸ ਦੀ ਲਾਸ਼ ਨਹੀਂ ਮਿਲੀ ਹੈ। ਗੋਤਾਖੋਰਾਂ ਵੱਲੋਂ ਲਾਸ਼ ਨੂੰ ਲੱਭਣ ਦੇ ਯਤਨ ਕੀਤੇ ਜਾ ਰਹੇ ਹਨ। ਰਾਹੁਲ ਧਵਨ ਦਾ ਮੋਟਰਸਾਈਕਲ ਨਹਿਰ ਦੇ ਕੰਢੇ ਖੜ੍ਹਾ ਮਿਲਿਆ। ਇਸ ਘਟਨਾ ‘ਤੋਂ ਬਾਅਦ ਘਰ ਵਿੱਚ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।