20 ਸਾਲਾ ਨੌਜਵਾਨ ਨੇ ਗੋਲੀ ਮਾਰ ਕੇ ਮਹਿਲਾ ਕਰਮਚਾਰੀ ਦੀ ਕੀਤੀ ਹੱਤਿਆ

Pensacola – ਫਲੋਰਿਡਾ ਦੇ ਐਸਕੈਂਬੀਆ ਕਾਊਂਟੀ ’ਚ ਅੱਜ ਇੱਕ ਹੋਮ ਡਿਪੋ ’ਚ 20 ਸਾਲਾ ਨੌਜਵਾਨ ਵਲੋਂ ਗੋਲੀ ਮਾਰ ਕੇ ਮਹਿਲਾ ਕਰਮਚਾਰੀ ਦੀ ਹੱਤਿਆ ਕਰ ਦਿੱਤੀ ਗਈ। ਸ਼ੈਰਿਫ਼ ਦਫ਼ਤਰ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਘਟਨਾ ਅੱਜ ਦੁਪਹਿਰ ਕਰੀਬ 1.30 ਡੈਵਿਸ ਹਾਈਵੇਅ ’ਤੇ ਸਥਿਤ ਹੋਮ ਡਿਪੋ ’ਚ ਵਾਪਰੀ। ਸ਼ੈਰਿਫ਼ ਚਿਪ ਸਿਮੰਸ ਨੇ ਦੱਸਿਆ ਪੀੜਤ ਹੋਮ ਡਿਪੋ ’ਚ ਇੱਕ ਕਰਮਚਾਰੀ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੇ ਸਬੰਧ ’ਚ 20 ਸਾਲਾ ਨੌਜਵਾਨ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ, ਜਿਸ ਦੀ ਪਹਿਚਾਣ ਕੀਥ ਐਰਿਕ ਏਜੀ ਵਜੋਂ ਹੋਈ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਉਹ ਪੀੜਤ ਮਹਿਲਾ ਕਰਮਚਾਰੀ ਨੂੰ ਜਾਣਦਾ ਸੀ। ਸਿਮੰਸ ਨੇ ਦੱਸਿਆ ਕਿ ਏਜੀ ਨੇ ਬੇਊ ਬੁਲੇਵਾਰਡ ਨੇੜੇ ਮੈਲੋ ਮਸ਼ਰੂਮ ਤੋਂ ਪੈਂਸਾਕੋਲਾ ਪੁਲਿਸ ਨੂੰ ਬੁਲਾਇਆ ਅਤੇ ਖ਼ੁਦ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਇੰਨਾ ਹੀ ਨਹੀਂ, ਉਸ ਨੇ ਇਹ ਵੀ ਕਿਹਾ ਕਿ ਹੁਣ ਉਸ ’ਤੇ ਹੱਤਿਆ ਦਾ ਦੋਸ਼ ਲਾਇਆ ਜਾਵੇਗਾ। ਅਧਿਕਾਰੀ ਅਜੇ ਇਸ ਗੱਲ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਗੋਲੀਬਾਰੀ ਕਿਨ੍ਹਾਂ ਹਾਲਾਤਾਂ ’ਚ ਹੋਈ। ਹਾਲਾਂਕਿ ਉਨ੍ਹਾਂ ਵਲੋਂ ਪੀੜਤ ਮਹਿਲਾ ਕਰਮਚਾਰੀ ਦੀ ਪਹਿਚਾਣ ਜਨਤਕ ਨਹੀਂ ਕੀਤੀ ਗਈ ਹੈ।