Ottawa – ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨੂੰ ਲੈ ਕੇ ਚੱਲ ਪੈਦਾ ਹੋਏ ਡਿਪਲੋਮੈਟਿਕ ਤਣਾਅ ਵਿਚਾਲੇ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀ ਜੋਲੀ ਨੇ ਕਿਹਾ ਹੈ ਕਿ ਉਹ ਆਪਣੇ ਭਾਰਤੀ ਹਮਰੁਤਬਾ ਐੱਸ. ਜੈਸ਼ੰਕਰ ਦੇ ਸੰਪਰਕ ’ਚ ਹਨ ਅਤੇ ਉਹ ਅਜਿਹਾ ਕਰਨਾ ਜਾਰੀ ਰੱਖਣਗੇ, ਕਿਉਂਕਿ ਦੋਹਾਂ ਦੇਸ਼ਾਂ ਵਿਚਾਲੇ ਦੁਵੱਲੇ ਰਿਸ਼ਤੇ ਦਹਾਕਿਆਂ ਪੁਰਾਣੇ ਹਨ। ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਮਜ਼ਬੂਤ ਰਿਸ਼ਤਾ ਹੈ।
ਜੋਲੀ ਦੀਆਂ ਟਿੱਪਣੀਆਂ ਅਜਿਹੇ ਸਮੇਂ ’ਚ ਆਈਆਂ ਹਨ ਜਦੋਂ ਭਾਰਤ ਨੇ ਕਰੀਬ ਇਕ ਹਫਤਾ ਪਹਿਲਾਂ ਕੈਨੇਡਾ ’ਚ ਕੁਝ ਵੀਜ਼ਾ ਸੇਵਾਵਾਂ ਬਹਾਲ ਕੀਤੀਆਂ ਸਨ। ਇਸ ਤੋਂ ਦੋ ਮਹੀਨੇ ਪਹਿਲਾਂ ਖਾਲਿਸਤਾਨੀ ਕੱਟੜਪੰਥੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਵਿਵਾਦ ਕਾਰਨ ਇਹ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਸਨ।
ਜੋਲੀ ਨੇ ਕਿਹਾ ਕਿ ਕੈਨੇਡਾ ਨਿੱਝਰ ਦੇ ਕਤਲ ਦੇ ਦੋਸ਼ਾਂ ਬਾਰੇ ਕੈਨੇਡੀਅਨਾਂ ਨੂੰ ਸੂਚਿਤ ਕਰਨ ਦੇ ਆਪਣੇ ਫੈਸਲੇ ’ਤੇ ਕਾਇਮ ਹੈ, ਪਰ ਇਸ ਮੁੱਦੇ ’ਤੇ ਕੈਨੇਡਾ ਭਾਰਤ ਸਰਕਾਰ ਨਾਲ ਗੱਲਬਾਤ ਵੀ ਕਰ ਰਿਹਾ ਹੈ। ਜੋਲੀ ਨੇ ਟੋਰਾਂਟੋ ’ਚ ਕੈਨੇਡਾ ਦੇ ਆਰਥਿਕ ਕਲੱਬ ’ਚ ਆਪਣੇ ਸੰਬੋਧਨ ਦੌਰਾਨ ਇਹ ਟਿੱਪਣੀਆਂ ਕੀਤੀਆਂ। ਉਨ੍ਹਾਂ ਆਖਿਆ, ‘‘ਅਸੀਂ ਭਰੋਸੇਯੋਗ ਦੋਸ਼ਾਂ ਦੇ ਨਾਲ ਖੜ੍ਹੇ ਹਾਂ…”। ਅਸੀਂ ਭਾਰਤ ਨਾਲ ਗੱਲਬਾਤ ’ਚ ਲੱਗੇ ਹੋਏ ਹਾਂ। ਮੈਂ ਵਿਦੇਸ਼ ਮੰਤਰੀ ਜੈਸ਼ੰਕਰ ਦੇ ਸੰਪਰਕ ’ਚ ਹਾਂ ਅਤੇ ਰਹਾਂਗੀ।’’