ਜੱਜ ਕਤਲ ਮਾਮਲੇ ਵਿਚ ਸੁਪਰੀਮ ਕੋਰਟ ਨੇ ਝਾਰਖੰਡ ਸਰਕਾਰ ਤੋਂ ਇਕ ਹਫਤੇ ਦੇ ਅੰਦਰ ਰਿਪੋਰਟ ਮੰਗੀ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਝਾਰਖੰਡ ਦੇ ਸ਼ਹਿਰ ਧਨਬਾਦ ਦੇ ਜ਼ਿਲ੍ਹਾ ਅਤੇ ਵਧੀਕ ਜੱਜ (ਏਡੀਜੇ) ਉੱਤਮ ਆਨੰਦ ਦੀ ਹੱਤਿਆ ਦੇ ਮਾਮਲੇ ਦਾ ਗੰਭੀਰ ਨੋਟਿਸ ਲਿਆ ਹੈ। ਦੇਸ਼ ਦੇ ਚੀਫ ਜਸਟਿਸ ਜਸਟਿਸ ਐਨਵੀ ਰਮਨਾ ਦੇ ਬੈਂਚ ਨੇ ਝਾਰਖੰਡ ਦੇ ਮੁੱਖ ਸਕੱਤਰ ਅਤੇ ਡੀਜੀਪੀ ਤੋਂ ਇਕ ਹਫ਼ਤੇ ਦੇ ਅੰਦਰ ਇਸ ਮਾਮਲੇ ਵਿਚ ਕੀਤੀ ਗਈ ਕਾਰਵਾਈ ਬਾਰੇ ਸਥਿਤੀ ਰਿਪੋਰਟ ਮੰਗੀ ਹੈ।

ਐਸਸੀ ਬੈਂਚ ਨੇ ਕਿਹਾ ਕਿ ਰਾਜ ਦੇ ਮੁੱਖ ਸਕੱਤਰ ਅਤੇ ਡੀਜੀਪੀ ਝਾਰਖੰਡ ਵਿਚ ਅਦਾਲਤ ਦੇ ਅਹਾਤੇ ਦੇ ਅੰਦਰ ਅਤੇ ਬਾਹਰ ਅਮਨ-ਕਾਨੂੰਨ ਦੀ ਸਥਿਤੀ ਦਾ ਵੇਰਵਾ ਵੀ ਦੇਣਗੇ। ਹਾਲਾਂਕਿ, ਸੁਪਰੀਮ ਕੋਰਟ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਝਾਰਖੰਡ ਹਾਈ ਕੋਰਟ ਦੀ ਕਾਰਵਾਈ ਵਿਚ ਦਖ਼ਲ ਨਹੀਂ ਦੇ ਰਹੀ ਹੈ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਐਨਵੀ ਰਮਨਾ ਅਤੇ ਜਸਟਿਸ ਸੂਰਿਆ ਕਾਂਤ ਦੇ ਬੈਂਚ ਨੇ ਕਿਹਾ ਕਿ ਅਦਾਲਤ ਦੇ ਅੰਦਰ ਅਤੇ ਬਾਹਰ ਨਿਆਂਇਕ ਅਧਿਕਾਰੀਆਂ ਅਤੇ ਵਕੀਲਾਂ ‘ਤੇ ਹਮਲਿਆਂ ਦੇ ਕਈ ਮਾਮਲੇ ਸਾਹਮਣੇ ਆਏ ਹਨ।

ਇਸ ਲਈ ਅਦਾਲਤ ਦੇਸ਼ ਵਿਚ ਨਿਆਂਇਕ ਅਧਿਕਾਰੀਆਂ ਦੀ ਸੁਰੱਖਿਆ ਦੇ ਵੱਡੇ ਮੁੱਦੇ ਨੂੰ ਹੱਲ ਕਰਨਾ ਚਾਹੁੰਦੀ ਹੈ। ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਮੁਖੀ ਵਿਕਾਸ ਸਿੰਘ ਨੇ ਕੱਲ੍ਹ ਸੁਪਰੀਮ ਕੋਰਟ ਤੋਂ ਜੱਜ ਦੇ ਕਤਲ ਕੇਸ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ। ਵਿਕਾਸ ਸਿੰਘ ਨੇ ਅਦਾਲਤ ਵਿਚ ਕਿਹਾ ਕਿ ਨਿਆਂਪਾਲਿਕਾ ਸੁਤੰਤਰ ਹੋਣੀ ਚਾਹੀਦੀ ਹੈ ਅਤੇ ਨਿਆਂਇਕ ਅਧਿਕਾਰੀ ਸੁਰੱਖਿਅਤ ਹੋਣਾ ਚਾਹੀਦਾ ਹੈ।

ਤੁਹਾਨੂੰ ਦੱਸ ਦਈਏ ਕਿ ਬੁੱਧਵਾਰ ਸਵੇਰੇ ਜਦੋਂ ਜੱਜ ਆਨੰਦ ਮਾਰਨਿੰਗ ਵਾਕ ‘ਤੇ ਸਨ ਤਾਂ ਉਨ੍ਹਾਂ ਨੂੰ ਜਾਣਬੁੱਝ ਕੇ ਇਕ ਆਟੋ ਨੇ ਟੱਕਰ ਮਾਰ ਦਿੱਤੀ, ਜਿਸ ਵਿਚ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਬਾਅਦ ਵਿਚ ਹਸਪਤਾਲ ਵਿਚ ਉਨ੍ਹਾਂ ਦੀ ਮੌਤ ਹੋ ਗਈ। ਘਟਨਾ ਦੀ ਸੀਸੀਟੀਵੀ ਫੁਟੇਜ ਆਉਣ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਕਿ ਇਹ ਕੋਈ ਦੁਰਘਟਨਾ ਨਹੀਂ ਬਲਕਿ ਕਤਲ ਸੀ। ਪੁਲਿਸ ਨੇ ਇਸ ਮਾਮਲੇ ਵਿਚ ਆਟੋ ਚਲਾ ਰਹੇ ਡਰਾਈਵਰ ਅਤੇ ਉਸਦੇ ਸਾਥੀ ਸਮੇਤ ਆਟੋ ਦੇ ਮਾਲਕ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।

ਟੀਵੀ ਪੰਜਾਬ ਬਿਊਰੋ