Vancouver – ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅੱਜ ਵੈਕਸੀਨ ਪਾਸਪੋਰਟ ਬਾਰੇ ਐਲਾਨ ਕੀਤਾ ਗਿਆ। ਟਰੂਡੋ ਨੇ ਕਿਹਾ ਕਿ ਜੇਕਰ ਕੈਨੇਡਾ ‘ਚ ਉਨ੍ਹਾਂ ਦੀ ਮੁੜ ਤੋਂ ਸਰਕਾਰ ਬਣਦੀ ਹੈ ਤਾਂ ਉਨ੍ਹਾਂ ਵੱਲੋਂ ਫ਼ੈਡਰਲ ਵੈਕਸੀਨ ਪਾਸਪੋਰਟ ਲਿਆਂਦਾ ਜਾਵੇਗਾ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਉਨ੍ਹਾਂ ਵੱਲੋਂ ਅੰਤਰਰਾਸ਼ਟਰੀ ਯਾਤਰੀ ਤੇ ਫੈਡਰਲ ਵਰਕਰਾਂ ਲਈ ਕੋਵਿਡ ਵੈਕਸੀਨ ਨੂੰ ਲਾਜ਼ਮੀ ਕੀਤਾ ਜਾਵੇਗਾ।
ਦੱਸਦਈਏ ਕਿ ਕੈਨੇਡਾ ਦੀ ਚੀਫ ਪਬਲਿਕ ਹੈਲਥ ਔਫ਼ਿਸਰ ਡਾ ਟੈਮ ਨੇ ਵੀ ਅੱਜ ਦੇਸ਼ ਦੇ ਮੌਜੂਦਾ ਹਾਲਾਤਾਂ ਦਾ ਜ਼ਿਕਰ ਕਰਦਿਆਂ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਵੱਲੋਂ ਨਵਾਂ ਮੌਡਲਿੰਗ ਡਾਟਾ ਜਾਰੀ ਕੀਤਾ ਗਿਆ । ਨਵੀਂ ਮੌਡਲਿੰਗ ਡਾਟਾ ਅਨੁਸਾਰ ਜੇ ਕੋਵਿਡ ਫ਼ੈਲਣ ਦੀ ਮੌਜੂਦਾ ਦਰ ਨੂੰ ਕਾਬੂ ਨਾ ਕੀਤਾ ਗਿਆ ਤਾਂ ਇਸ ਮਹੀਨੇ ਦੇ ਅੰਤ ਤੱਕ ਕੋਵਿਡ ਕੇਸਾਂ ਦੀ ਗਿਣਤੀ ਵਿਚ ਜ਼ਬਰਦਸਤ ਵਾਧਾ ਦਰਜ ਕੀਤਾ ਜਾ ਸਕਦਾ ਹੈ।ਡਾ ਟੈਮ ਨੇ ਕਿਹਾ ਕਿ ਜੇ ਦੇਸ਼ ਵਿਚ ਕੋਵਿਡ ਵੈਕਸੀਨੇਸ਼ਨ ਵਿਚ ਵਾਧਾ ਨਾ ਕੀਤਾ ਗਿਆ ਅਤੇ ਕੋਵਿਡ ਰੋਕਾਂ ਨੂੰ ਸਖ਼ਤ ਨਾ ਕੀਤਾ ਗਿਆ ਤਾਂ ਅਕਤੂਬਰ ਤੱਕ ਹਰ ਰੋਜ਼ 15,000 ਨਵੇਂ ਕੋਵਿਡ ਮਾਮਲੇ ਰਿਪੋਰਟ ਹੋ ਸਕਦੇ ਹਨ। ਡਾ ਟੈਮ ਨੇ ਨੌਜਵਾਨ ਕਨੇਡੀਅਨਜ਼ ਲਈ ਟੀਕਾ ਲਗਵਾਉਣ ਸੰਬੰਧੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਵੈਕਸੀਨੇਸ਼ਨ ਕਰਵਾਉਣ ਦੀ ‘ਸਖ਼ਤ ਜ਼ਰੂਰਤ’ ਹੈ।
ਦੱਸਣਯੋਗ ਹੈ ਕਿ ਕੈਨੇਡਾ ਡਰ ਵੱਖ -ਵੱਖ ਸੂਬਿਆਂ ਤੋਂ ਰੋਜ਼ਾਨਾ ਵੱਧ ਮਾਮਲੇ ਦਰਜ ਕੀਤੇ ਜਾ ਰਹੇ ਹਨ। ਇਨ੍ਹਾਂ ਸੂਬਿਆਂ ਵੱਲੋਂ ਮੁੜ ਤੋਂ ਸਖਤੀਆਂ ਲਗਾਈਆਂ ਜਾ ਰਹੀਆਂ ਹਨ। ਕੋਰੋਨਾ ਦੀ ਚੌਥੀ ਲਹਿਰ ਤੇ ਡੈਲਟਾ ਵੇਰੀਐਂਟ ਨੂੰ ਦੇਖਦਿਆਂ ਸੂਬਿਆਂ ਵੱਲੋਂ ਮੁੜ ਤੋਂ ਮਾਸਕ ਪਾਉਣਾ ਲਾਜ਼ਮੀ ਕੀਤਾ ਜਾ ਰਿਹਾ ਹੈ।