ਘਰੇਲੂ ਕਲੇਸ਼ ਤੋਂ ਤੰਗ ਆ ਕੇ ਕਬੱਡੀ ਖਿਡਾਰੀ ਨੇ ਕੀਤੀ ਖ਼ੁਦ.ਕੁਸ਼ੀ

ਡੈਸਕ- ਨਕੋਦਰ ’ਚ ਇੱਕ ਕਬੱਡੀ ਖਿਡਾਰੀ ਵਲੋਂ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਜਿਸ ਨੇ ਆਪਣੀ ਪਤਨੀ ਤੋਂ ਤੰਗ ਆ ਕੇ ਬੀਤੀ ਰਾਤ ਘਰ ਵਿਚ ਪੱਖੇ ਨਾਲ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਮ੍ਰਿਤਕ ਦੀ ਪਛਾਣ ਸੰਨੀ (24) ਪੁੱਤਰ ਹਰਦੇਵ ਸਿੰਘ ਉਰਫ ਲਾਲੀ ਵਾਸੀ ਮੁਹੱਲਾ ਸ਼ੇਰਪੁਰ ਨਕੋਦਰ ਵਜੋਂ ਹੋਈ ਹੈ।

ਸਿਟੀ ਪੁਲਿਸ ਨੂੰ ਦਿੱਤੇ ਬਿਆਨ ’ਚ ਮ੍ਰਿਤਕ ਦੇ ਪਿਤਾ ਹਰਦੇਵ ਸਿੰਘ ਉਰਫ ਲਾਲੀ ਨੇ ਦੱਸਿਆ ਕਿ ਉਸ ਦਾ ਵੱਡਾ ਲੜਕਾ ਸੰਨੀ, ਜੋ ਮਿਹਨਤ ਮਜ਼ਦੂਰੀ ਦੇ ਨਾਲ-ਨਾਲ ਕਬੱਡੀ ਵੀ ਖੇਡਦਾ ਸੀ, ਦਾ ਕਰੀਬ 2 ਸਾਲ ਪਹਿਲਾਂ ਸਿੰਮੀ ਮਹੰਤ ਪੁੱਤਰੀ ਨਛੱਤਰ ਸਿੰਘ ਵਾਸੀ ਸੰਮੀਪੁਰ ਲਾਂਬੜਾ ਨਾਲ ਵਿਆਹ ਹੋਈਆ ਸੀ।

ਸੰਨੀ ਤੇ ਸਿੰਮੀ ਮਹੰਤ ਦਾ ਵਿਆਹ ਤੋਂ ਬਾਅਦ ਅਕਸਰ ਹੀ ਲੜਾਈ-ਝਗੜਾ ਰਹਿੰਦਾ ਸੀ। ਬੀਤੀ 28 ਸਤੰਬਰ ਨੂੰ ਪਤਨੀ ਸਿੰਮੀ ਲੜ ਕੇ ਆਪਣੇ ਪੇਕੇ ਪਿੰਡ ਸੰਮੀਪੁਰ ਚਲੀ ਗਈ। ਉਸ ਦੇ ਬਾਵਜੂਦ ਸੰਨੀ ਤੇ ਸਿੰਮੀ ਫੋਨ ’ਤੇ ਝਗੜਦੇ ਰਹਿੰਦੇ ਸਨ।

ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਖਾਣਾ ਖਾ ਕੇ ਜਦੋਂ ਸਾਰੇ ਆਪਣੇ-ਆਪਣੇ ਕਮਰਿਆਂ ਵਿਚ ਸੌਂ ਗਏ ਤਾਂ ਕਰੀਬ 7 ਵਜੇ ਸ਼ਾਮ ਤੋਂ ਲਗਾਤਾਰ ਸਿੰਮੀ ਆਪਣੇ ਪਤੀ ਸੰਨੀ ਨੂੰ ਫੋਨ ਕਰ ਰਹੀ ਸੀ। ਜਦੋਂ ਸੰਨੀ ਨੇ ਉਸ ਦਾ ਫੋਨ ਨਾ ਚੁੱਕਿਆ ਤਾਂ ਕਰੀਬ 1 ਵਜੇ ਰਾਤ ਸਿੰਮੀ ਨੇ ਸੰਨੀ ਦੀ ਭੈਣ ਮਨਪ੍ਰੀਤ ਕੌਰ ਦੇ ਫੋਨ ’ਤੇ ਦੱਸਿਆ ਕਿ ਤੁਹਾਡਾ ਭਰਾ ਸੰਨੀ ਮੇਰਾ ਫੋਨ ਨਹੀਂ ਚੁੱਕ ਰਿਹਾ। ਜਦੋਂ ਮਨਪ੍ਰੀਤ ਨੇ ਉੱਠ ਕੇ ਕਮਰੇ ’ਚ ਦੇਖਿਆ ਤਾਂ ਸੰਨੀ ਛੱਤ ਵਾਲੇ ਪੱਖੇ ਨਾਲ ਫਾਹਾ ਲਾ ਕੇ ਲਟਕਿਆ ਹੋਇਆ ਸੀ।

ਜਦੋਂ ਹੇਠਾਂ ਉਤਾਰ ਕੇ ਦੇਖਿਆ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੰਨੀ ਨੇ ਆਪਣੀ ਪਤਨੀ ਸਿੰਮੀ ਤੋਂ ਤੰਗ-ਪ੍ਰੇਸ਼ਾਨ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।

ਸਿਟੀ ਥਾਣਾ ਮੁਖੀ ਇੰਸ. ਸੰਜੀਵ ਕਪੂਰ ਨੇ ਦੱਸਿਆ ਕਿ ਮ੍ਰਿਤਕ ਸੰਨੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਮ੍ਰਿਤਕ ਦੇ ਪਿਤਾ ਹਰਦੇਵ ਸਿੰਘ ਉਰਫ ਲਾਲੀ ਵਾਸੀ ਮੁਹੱਲਾ ਸ਼ੇਰਪੁਰ ਨਕੋਦਰ ਦੇ ਬਿਆਨ ’ਤੇ ਸਿੰਮੀ ਮਹੰਤ ਦੇ ਖਿਲਾਫ ਥਾਣਾ ਸਿਟੀ ਨਕੋਦਰ ਵਿਚ ਮਾਮਲਾ ਦਰਜ ਕੀਤਾ ਗਿਆ ਹੈ।