ਡੈਸਕ- ਕਪੂਰਥਲਾ ਰਿਆਸਤ ਦੇ ਵੰਸ਼ਜ ਟਿੱਕਾ ਸ਼ਤਰੂਜੀਤ ਸਿੰਘ ਦੀ ਮਾਤਾ ਅਤੇ ਮਹਾਰਾਜਾ ਕਪੂਰਥਲਾ ਬ੍ਰਿਗੇਡੀਅਰ ਸੁਖਜੀਤ ਸਿੰਘ ਦੀ ਪਤਨੀ ਮਹਾਰਾਣੀ ਕਪੂਰਥਲਾ ਗੀਤਾ ਦੇਵੀ ਦਾ ਵੀਰਵਾਰ ਦੇਰ ਰਾਤ ਦੇਹਾਂਤ ਹੋ ਗਿਆ। ਮਹਾਰਾਣੀ ਗੀਤਾ ਦੇਵੀ ਨੂੰ ਦੇਸ਼ ਦੀਆਂ ਚੁਣੀਆਂ ਹੋਈਆਂ ਉੱਚ-ਸਤਿਕਾਰ ਵਾਲੀਆਂ ਔਰਤਾਂ ਵਿੱਚ ਗਿਣਿਆ ਜਾਂਦਾ ਸੀ। ਇਸ ਮਹਾਨ ਆਤਮਾ ਗੀਤਾ ਦੇਵੀ ਦਾ ਅੰਤਿਮ ਸੰਸਕਾਰ 30 ਦਸੰਬਰ ਨੂੰ ਬਾਅਦ ਦੁਪਹਿਰ 3 ਵਜੇ ਲੋਧੀ ਕ੍ਰੀਮੇਸ਼ਨ ਗ੍ਰਾਊਂਡ, ਨਵੀਂ ਦਿੱਲੀ ਵਿਖੇ ਕੀਤਾ ਜਾਵੇਗਾ।
ਮਹਾਰਾਣੀ ਗੀਤਾ ਦੇਵੀ ਦੇ ਅਕਾਲ ਚਲਾਣੇ ਬਾਰੇ ਉਨ੍ਹਾਂ ਦੇ ਪੁੱਤਰ ਅਤੇ ਕਪੂਰਥਲਾ ਰਿਆਸਤ ਦੇ ਵੰਸ਼ਜ ਟਿੱਕਾ ਸ਼ਤਰੂਜੀਤ ਸਿੰਘ ਨੇ ਦੱਸਿਆ ਕਿ ਮਹਾਰਾਣੀ ਸਾਹਿਬਾ ਨੂੰ ਵੀਰਵਾਰ ਦੇਰ ਸ਼ਾਮ ਦਿਲ ਦੀ ਕੋਈ ਤਕਲੀਫ਼ ਮਹਿਸੂਸ ਹੋਈ ਤਾਂ ਉਹ ਤੁਰੰਤ ਉਨ੍ਹਾਂ ਨੂੰ ਹਸਪਤਾਲ ਲੈ ਗਏ ਪਰ ਮਹਾਰਾਣੀ ਸਾਹਿਬਾ ਘਰ ਹੀ ਰਹਿਣਾ ਚਾਹੁੰਦੀ ਸੀ। ਇਸ ਲਈ ਉਨ੍ਹਾਂ ਨੂੰ ਘਰ ਲਿਆਂਦਾ ਗਿਆ ਅਤੇ ਸ਼ਾਮ 7.15 ਵਜੇ ਉਨ੍ਹਾਂ ਨੇ ਆਖਰੀ ਸਾਹ ਲਿਆ ਅਤੇ ਸਦੀਵੀਂ ਵਿਛੋੜਾ ਦੇ ਗਏ।
ਮਹਾਰਾਣੀ ਗੀਤਾ ਦੇਵੀ ਦੇ ਦੇਹਾਂਤ ‘ਤੇ ਬੀਕਾਨੇਰ ਦੀ ਰਾਜਕੁਮਾਰੀ ਰਾਜਸ਼੍ਰੀ ਕੁਮਾਰੀ, ਗੁਜਰਾਤ ਰਾਜ ਦੇ ਰਾਜਕੁਮਾਰ ਜਸਦਾਨ, ਗਵਾਲੀਅਰ ਰਿਆਸਤ ਦੇ ਰਾਜਕੁਮਾਰ, ਪਟਿਆਲਾ ਰਿਆਸਤ ਦੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ, ਬੜੌਦਾ, ਜੈਪੁਰ, ਜੋਧਪੁਰ ਆਦਿ ਰਿਆਸਤਾਂ ਦੇ ਰਾਜਕੁਮਾਰਾਂ ਅਤੇ ਰਾਜਿਆਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।