Site icon TV Punjab | Punjabi News Channel

ਹੈਲੀਕਾਪਟਰ ਹਾਦਸੇ ‘ਚ 7 ਦੀ ਮੌਤ, ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਨੇ ਪ੍ਰਗਟਾਇਆ ਦੁੱਖ

ਰੁਦਰਪ੍ਰਯਾਗ- ਕੇਦਾਰਨਾਥ ਵਿੱਚ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਹੈ। ਇਸ ਹਾਦਸੇ ‘ਚ ਪਾਇਲਟ ਸਮੇਤ 7 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਕੇਦਾਰਨਾਥ ‘ਚ ਅਗਲੇ ਹੁਕਮਾਂ ਤਕ ਹੈਲੀ ਸੇਵਾਵਾਂ ‘ਤੇ ਰੋਕ ਲਗਾ ਦਿੱਤੀ ਗਈ ਹੈ। ਕੇਦਾਰਨਾਥ ‘ਚ ਮੌਸਮ ਅਜੇ ਵੀ ਖਰਾਬ ਹੈ। ਇੱਥੇ ਬਰਫ਼ ਪੈ ਰਹੀ ਹੈ।

ਹੈਲੀਕਾਪਟਰ ਵਿੱਚ ਪਾਇਲਟ ਸਮੇਤ ਸੱਤ ਲੋਕ ਸਵਾਰ ਸਨ। ਕੇਦਾਰਨਾਥ ਤੋਂ ਕਰੀਬ 3 ਕਿਲੋਮੀਟਰ ਦੂਰ ਨੰਦੀ ਨੇੜੇ ਹੈਲੀਕਾਪਟਰ ਹਾਦਸਾ ਵਾਪਰਿਆ। ਹੈਲੀਕਾਪਟਰ ਨੇ ਕੇਦਾਰਨਾਥ ਬੇਸ ਕੈਂਪ ਤੋਂ ਨਰਾਇਣ ਕੋਟੀ-ਗੁਪਤਕਾਸ਼ੀ ਲਈ ਉਡਾਣ ਭਰੀ ਸੀ।

ਹੈਲੀਕਾਪਟਰ ਆਰੀਅਨ ਕੰਪਨੀ ਦਾ ਦੱਸਿਆ ਜਾ ਰਿਹਾ ਹੈ। ਐਸਡੀਆਰਐਫ ਅਤੇ ਐਨਡੀਆਰਐਫ ਦੀਆਂ ਟੀਮਾਂ ਬਚਾਅ ਵਿੱਚ ਲੱਗੀਆਂ ਹੋਈਆਂ ਹਨ।ਡੀਆਈਜੀ ਐਸਡੀਆਰਐਫ ਰਿਧੀਮਾ ਅਗਰਵਾਲ ਨੇ ਦੱਸਿਆ ਕਿ ਕੇਦਾਰਨਾਥ ਤੋਂ ਐਸਡੀਆਰਐਫ ਦੀ ਟੀਮ ਮੌਕੇ ’ਤੇ ਪਹੁੰਚ ਗਈ ਹੈ। ਟੀਮ ਲੰਚੋਲੀ ਤੋਂ ਪਹੁੰਚ ਰਹੀ ਹੈ।

ਇਸ ਘਟਨਾ ਵਿੱਚ ਰਾਹਤ ਬਚਾਅ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕੇਦਾਰਨਾਥ ‘ਚ ਸੰਘਣੀ ਧੁੰਦ ਹੈ। ਇਸ ਕਾਰਨ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਵੀ ਹੈਲੀਕਾਪਟਰ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ।

ਸਾਲ 2019 ਵਿੱਚ ਵੀ ਕੇਦਾਰਨਾਥ ਵਿੱਚ ਹੈਲੀਕਾਪਟਰ ਕਰੈਸ਼ ਹੋ ਗਿਆ ਸੀ। ਯਾਤਰੀਆਂ ਨੂੰ ਕੇਦਾਰਨਾਥ ਤੋਂ ਫਾਟਾ ਲਿਜਾਂਦੇ ਸਮੇਂ ਹੈਲੀਕਾਪਟਰ ‘ਚ ਤਕਨੀਕੀ ਖਰਾਬੀ ਕਾਰਨ ਪਾਇਲਟ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ ਅਤੇ ਇਸ ਦੌਰਾਨ ਹੈਲੀਕਾਪਟਰ ਕਰੈਸ਼ ਹੋ ਗਿਆ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਹੈਲੀਕਾਪਟਰ ਦਾ ਪਿਛਲਾ ਹਿੱਸਾ ਲੈਂਡਿੰਗ ਦੌਰਾਨ ਜ਼ਮੀਨ ਨਾਲ ਟਕਰਾ ਗਿਆ। ਹੈਲੀਕਾਪਟਰ ਦੇ ਪਾਇਲਟ ਸਮੇਤ ਛੇ ਯਾਤਰੀਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆਂ ਸੀ।

ਕੇਦਾਰਨਾਥ ਵਿੱਚ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਦੀ ਇਹ ਪਹਿਲੀ ਘਟਨਾ ਨਹੀਂ ਹੈ। 2013 ਦੇ ਕੇਦਾਰਨਾਥ ਆਫ਼ਤ ਦੌਰਾਨ, ਬਚਾਅ ਕਾਰਜ ਕਰਦੇ ਸਮੇਂ ਹਵਾਈ ਸੈਨਾ ਦੇ ਐਮਆਈ-17 ਹੈਲੀਕਾਪਟਰ ਸਮੇਤ ਤਿੰਨ ਹੈਲੀਕਾਪਟਰ ਕਰੈਸ਼ ਹੋ ਗਏ ਸਨ। ਇਨ੍ਹਾਂ ਹਾਦਸਿਆਂ ਵਿੱਚ 23 ਲੋਕਾਂ ਦੀ ਜਾਨ ਚਲੀ ਗਈ।

Exit mobile version